ਆਪਣੇ ਫ਼ੌਜੀ ਸਹੁਰੇ ਦੀ ਸੱਤ ਕਿੱਲੇ ਜ਼ਮੀਨ ’ਤੇ ਜੁਗਿੰਦਰ ਸਿੰਘ ਨੇ ਬੁਰੀ ਨਜ਼ਰ ਰੱਖੀ ਹੋਈ ਸੀ। ਮੈਟ੍ਰਿਕ ਪਾਸ ਜੁਗਿੰਦਰ ਸਿੰਘ ਨੇ ਆਪਣੇ ਸਾਂਢੂ ਬਿੰਦਰ ਸਿੰਘ ਨੂੰ ਫੋਨ ਕਰਕੇ ਬੁਲਾ ਲਿਆ ਸੀ ਜੋ ਪੰਜ ਕਿਲੋਮੀਟਰ ਦੂਰ ਪਿੰਡ ਵਿੱਚ ਰਹਿੰਦਾ ਸੀ।
ਜਦ ਜੁਗਿੰਦਰ ਸਿੰਘ ਨੇ ਆਪਣੀ ਧੋਖੇਬਾਜ਼ੀ ਵਾਲੀ ਯੋਜਨਾ ਬਾਰੇ ਬਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਅੱਠ ਪਾਸ ਬਿੰਦਰ ਸਿੰਘ ਡਰ ਗਿਆ ਸੀ। ਸਹੁਰੇ ਘਰ ਜਾਣ ਲਈ ਚੁਸਤ-ਚਲਾਕ ਜੁਗਿੰਦਰ ਸਿੰਘ ਨੇ ਬਿੰਦਰ ਸਿੰਘ ਨੂੰ ਮਨਾ ਹੀ ਲਿਆ। ਜੁਗਿੰਦਰ ਸਿੰਘ ਨੇ ਫੋਨ ਰਾਹੀਂ ਆਪਣੀ ਪਤਨੀ ਨੂੰ ਘਰ ਸੱਦ ਲਿਆ ਸੀ ਜੋ ਆਪਣੇ ਮੁਹੱਲੇ ਵਿੱਚ ਬਿਮਾਰ ਔਰਤ ਦਾ ਪਤਾ ਲੈਣ ਗਈ ਹੋਈ ਸੀ।
ਚਾਹ-ਪਾਣੀ ਪੀਣ ਤੋਂ ਬਾਅਦ ਜੁਗਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਸਹੁਰੇ ਘਰ ਜਾਣ ਬਾਰੇ ਦੱਸਿਆ। ਆਪੋ ਆਪਣੇ ਮੋਟਰਸਾਈਕਲਾਂ ’ਤੇ ਦਸ ਕਿਲੋਮੀਟਰ ਦੂਰ ਦੋਵੇਂ ਸਹੁਰੇ ਘਰ ਪਹੁੰਚ ਗਏ।
ਦੋਵਾਂ ਜੁਆਈਆਂ ਦੇ ਅਚਾਨਕ ਆਉਣ ’ਤੇ ਸੱਸ-ਸਹੁਰਾ ਘਬਰਾ ਗਏ। “ਪੁੱਤ ਸੁੱਖ ਐ?” ਸੱਸ ਨੇ ਪੁੱਛਿਆ। “ਸਭ ਠੀਕ ਐ, ਬੇਬੇ” ਜੁਗਿੰਦਰ ਨੇ ਮੁਸਕਰਾ ਕੇ ਕਿਹਾ। ਪਰ ਸੱਸ ਨੂੰ ਅਜੇ ਵੀ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਸੀ। ਫਿਰ ਵੀ ਉਸ ਨੇ ਚੁੱਪ ਰਹਿਣ ’ਚ ਭਲਾ ਸਮਝਿਆ।
ਸ਼ਾਮੀ ਦੋਵਾਂ ਸਾਂਢੂਆਂ ਨੇ ਆਪਣੇ ਸਹੁਰੇ ਨਾਲ ਪਿਆਲੇ ਸਾਂਝੇ ਕੀਤੇ। ਗੱਲਾਂ-ਬਾਤਾਂ ਕਰਦੇ ਜੁਗਿੰਦਰ ਸਿੰਘ ਨੇ ਆਪਣੇ ਸੇਵਾਮੁਕਤ ਫ਼ੌਜੀ ਸਹੁਰੇ ਨੂੰ ਜ਼ਮੀਨ ਦੀ ਵਸੀਅਤ ਕਰਨ ਦੀ ਸਲਾਹ ਦਿੱਤੀ।
“ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਦੋਵੇਂ ਧੀਆਂ ਦੇ ਨਾਂ ਵਸੀਅਤ ਕਰਕੇ ਮਰੂੰਗਾ।” ਸ਼ਰਾਬੀ ਲਹਿਜੇ ਵਿੱਚ ਸਹੁਰਾ ਬੋਲਿਆ।
“ਬਾਪੂ, ਜ਼ਿੰਦਗੀ ਦਾ ਕੀ ਭਰੋਸਾ! ਪਤਾ ਨੀ ਮੌਤ ਨੇ ਕਦੋਂ ਜੱਫਾ ਪਾ ਲੈਣਾ, ਨੇਕ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।” ਜੁਗਿੰਦਰ ਸਿੰਘ ਨੇ ਉਜਾਗਰ ਸਿੰਘ ਨੁੂੰ ਮੌਤ ਬਾਰੇ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੇ ਸਟੰਟ ਪੁਆਇਆ ਹੋਇਆ ਸੀ। ਜੁਗਿੰਦਰ ਸਿੰਘ ਦੀ ਸੱਸ ਰਸੋਈ ਵਿੱਚ ਰੋਟੀ ਪਕਾਉਣ ਵਿੱਚ ਰੁੱਝੀ ਹੋਈ ਸੀ। “ਤੁਹਾਡੇ ਆਉਣ ਦੀ ਹੁਣ ਲੱਗ ਗਈ ਮੈਨੂੰ ਸਮਝ, ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਓ, ਆਪਣੀ ਮਰਜ਼ੀ ਨਾਲ ਵਸੀਅਤ ਕਰਾਊਂਗਾ।” ਫ਼ੌਜੀ ਦੇ ਤਲਖ਼ੀ ਵਾਲੇ ਬੋਲਾਂ ਨੇ ਜੁਗਿੰਦਰ ਸਿੰਘ ਦਾ ਨੀਚ ਸੁਪਨਾ ਮਿੱਟੀ ਵਿੱਚ ਮਿਲਾ ਦਿੱਤਾ। ਹਾਰੇ ਹੋਏ ਜੁਆਰੀਏ ਵਾਂਗ ਦੋਵੇਂ ਸਾਂਢੂ ਬੇਰੰਗ ਵਾਪਸ ਚਲੇ ਗਏ।
ਸੁੰਦਰਪਾਲ ਪ੍ਰੇਮੀ