ਪਟਿਆਲਾ, 30 ਸਤੰਬਰ

ਡੀਪੀਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਇੱਥੇ ਫੁਹਾਰਾ ਚੌਕ ਨੂੰ ਅਚਨਚੇਤ ਘੇਰ ਲਿਆ, ਜਿਸ ਨਾਲ ਸਮੁੱਚੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਇਹ ਸੰਘਰਸ਼ੀ ਕਾਰਕੁਨ ਬੇਰੁਜ਼ਗਾਰ ਡੀ ਪੀ ਅਧਿਆਪਕਾਂ ਦੀ ਭਰਤੀ ’ਚ ਹਜ਼ਾਰ ਪੋਸਟਾਂ ਦਾ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਟੈਂਕੀ ਅੰਦੋਲਨ ਵਿੱਢੀ ਬੈਠੇ ਸਨ ਪਰ ਅੱਜ ਉਨ੍ਹਾਂ ਨੇ ਅਚਨਚੇਤ ਹੀ ਸ਼ਹਿਰ ਵੱਲ ਮੁਹਾਰ ਘੱਤ ਕੇ ਫੁਹਾਰਾ ਚੌਕ ਘੇਰ ਕੇ ਟ੍ਰੈਫਿਕ ਜਾਮ ਕਰ ਦਿੱਤਾ। ਇਸ ਕਾਰਨ ਪਟਿਆਲਾ ਸ਼ਹਿਰ ਦਾ ਅੱਧਾ ਹਿੱਸਾ ਕਰੀਬ ਪੌਣੇ ਘੰਟੇ ਤੋਂ ਬੁਰੀ ਤਰ੍ਹਾਂ ਜਾਮ ਰਿਹਾ ਪਰ ਪੁਲੀਸ ਕੋਈ ਕਾਰਵਾਈ ਕਰਨ ਦੀ ਬਜਾਏ ਸਿਰਫ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ।