ਐਸ.ਏ.ਐਸ. ਨਗਰ (ਮੁਹਾਲੀ), 20 ਜੁਲਾਈ
ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ (ਕਲੋਜਰ ਰਿਪੋਰਟ ਅਤੇ ਨਵੇਂ ਸਿਰਿਓਂ ਜਾਂਚ) ਸਬੰਧੀ ਕੇਸ ਦੀ ਸੁਣਵਾਈ ਸੋਮਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਹੋਈ। ਇਸ ਦੌਰਾਨ ਸੀਬੀਆਈ, ਪੰਜਾਬ ਸਰਕਾਰ ਅਤੇ ਸ਼ਿਕਾਇਤ ਕਰਤਾਵਾਂ ਅਤੇ ਡੇਰਾ ਸਿਰਸਾ ਦੇ ਵਕੀਲਾਂ ਵਿੱਚ ਭਖਵੀਂ ਬਹਿਸ ਹੋਈ। ਉਂਜ ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰੇਨ ਰਾਵਲ ਨੇ ਪੇਸ਼ ਹੋਣਾ ਸੀ ਪਰ ਉਹ ਸਮੇਂ ਸਿਰ ਅਦਾਲਤ ਨਹੀਂ ਪਹੁੰਚ ਸਕੇ, ਜਿਸ ਕਾਰਨ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਅਦਾਲਤ ਤੋਂ 12 ਤੋਂ 2 ਵਜੇ ਤੱਕ ਦੀ ਮੋਹਲਤ ਮੰਗੀ। ਸਰਕਾਰੀ ਨੁਮਾਇੰਦਾ ਆਪਣੀ ਗੱਲ ਰੱਖ ਹੀ ਰਿਹਾ ਸੀ ਕਿ ਏਨੇ ਵਿੱਚ ਸੀਬੀਆਈ, ਸ਼ਿਕਾਇਤ ਕਰਤਾਵਾਂ ਦਾ ਵਕੀਲ ਗਗਨ ਪਰਦੀਪ ਸਿੰਘ ਬੱਲ ਅਤੇ ਡੇਰਾ ਸਿਰਸਾ ਦਾ ਵਕੀਲ ਆਰਕੇ ਹਾਂਡਾ ਮਾਮਲੇ ਦੀ ਜਾਂਚ ਨੂੰ ਲੈ ਕੇ ਬਹਿਸਣ ਲੱਗ ਪਏ। ਅਦਾਲਤ ਵਿੱਚ ਸ਼ਿਕਾਇਤ ਕਰਤਾ ਰਣਜੀਤ ਸਿੰਘ ਬੁਰਜਸਿੰਘ ਵਾਲਾ ਅਤੇ ਗਰੰਥੀ ਗੋਰਾ ਸਿੰਘ ਅਤੇ ਸਿੱਖ ਆਗੂ ਕੁਲਦੀਪ ਸਿੰਘ ਭਾਗੋਵਾਲ ਵੀ ਹਾਜ਼ਰ ਸਨ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਨੁਮਾਇੰਦਾ ਹਰਚਰਨ ਸਿੰਘ ਵੀ ਮੌਜੂਦ ਸੀ।
ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਉਨ੍ਹਾਂ (ਸੀਬੀਆਈ) ਦੀ ਰੀਵਿਊ ਪਟੀਸ਼ਨ ਪੈਂਡਿੰਗ ਪਈ ਹੋਣ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਜਦੋਂ ਤੱਕ ਉੱਚ ਅਦਾਲਤ ਵਿੱਚ ਰੀਵੀਊ ਪਟੀਸ਼ਨ ਦਾ ਨਿਬੇੜਾ ਨਹੀਂ ਹੋ ਜਾਂਦਾ ਉਦੋਂ ਤੱਕ ਮੁਹਾਲੀ ਅਦਾਲਤ ਵਿੱਚ ਸੁਣਵਾਈ ਮੁਲਤਵੀ ਕੀਤੀ ਜਾਵੇ। ਸੀਬੀਆਈ ਨੇ ਮੁੜ ਦੁਹਰਾਇਆ ਕਿ ਪੰਜਾਬ ਪੁਲੀਸ ਦੀ ਸਿੱਟ ਨੂੰ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦਾ ਵਿਰੋਧ ਕਰਦਿਆਂ ਵਕੀਲ ਗਗਨ ਪਰਦੀਪ ਸਿੰਘ ਬੱਲ ਨੇ ਦੋ ਵੱਖੋਵੱਖ ਅਰਜ਼ੀਆਂ ਦਾਇਰ ਕਰਕੇ ਕੇਸ ਮੁਤੱਲਕ 17 ਸਵਾਲ ਚੁੱਕੇ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਕੇਸ ਦੀ ਸੁਣਵਾਈ 29 ਜੁਲਾਈ ਤਕ ਲਈ ਟਾਲ ਦਿੱਤੀ।