ਗਿੱਦੜਬਾਹਾ, 25 ਅਪਰੈਲ: ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਦੇ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਸਿੱਖ ਸੰਗਤ ਪਿੰਡ ਭੂੰਦੜ ਦੇ ਗੁਰਦੁਆਰੇ ਵਿੱਚ ਇਕੱਤਰ ਹੋਈ।
ਇਸ ਮੌਕੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਗ੍ਰਿਫ਼ਤਾਰ ਕਿਉ ਨਹੀਂ ਕੀਤੇ ਜਾਂਦੇ ? ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਭੂੰਦੜ ਵਿੱਚ ਬੇਅਦਬੀ ਜਾਣ-ਬੁੱਝ ਕੇ ਸਾਜ਼ਿਸ਼ ਤਹਿਤ ਕੀਤੀ ਗਈ ਹੈ, ਜਿਸ ਵਿੱਚ ਸਿੱਧਾ ਡੇਰਾ ਪ੍ਰੇਮੀਆਂ ਦਾ ਹੱਥ ਹੈ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਨੂੰ ਵੀ ਸਵਾਲ ਕੀਤੇ।
ਇਸ ਮਗਰੋਂ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਲੰਮਾ ਸਮਾਂ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਬੰਦ-ਕਮਰਾ ਮੀਟਿੰਗ ਹੋਈ। ਇਸ ਮਗਰੋਂ ਕੋਟਭਾਈ ਥਾਣੇ ਅੱਗੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕੀਤਾ ਤੇ ਬੇਅਦਬੀ ਕੇਸ ਵਿੱਚ ਧਾਰਾਵਾਂ ਜੋੜਨ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਪੀ.ਡੀ. ਬਲਜੀਤ ਸਿੰਘ ਨੇ ਸਿੱਖ ਸੰਗਤ ਨੂੰ ਭਰੋਸਾ ਦਿੱਤਾ ਕਿ ਕੇਸ ਵਿੱਚ ਬਣਦੀਆਂ ਧਰਾਵਾਂ ਦਾ ਵਾਧਾ ਕੀਤਾ ਜਾਵੇਗਾ। ਇਸ ਮੌਕੇ ਭਾਈ ਰਮਨਦੀਪ ਸਿੰਘ ਭੰਗਚੜੀ (ਅਖੰਡ ਜਥਾ ਅਕਾਲੀ), ਭਾਈ ਸੁਖਪਾਲ ਸਿੰਘ (ਏਕਨੂਰ ਖ਼ਾਲਸਾ), ਸਤਿਕਾਰ ਕਮੇਟੀ ਦੇ ਰਣਜੀਤ ਸਿੰਘ, ਦਵਿੰਦਰ ਸਿੰਘ ਹਰੀਏ ਵਾਲਾ, ਬਾਬਾ ਸਵਰਨਜੀਤ ਸਿੰਘ, ਦਮਦਮੀ ਟਕਸਾਲ ਦੇ ਬਾਬਾ ਗੁਰਲਾਲ ਸਿੰਘ ਤੇ ਮਨਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ। ਇਸ ਸਬੰਧੀ ਡੀਐੱਸਪੀ (ਗਿੱਦੜਬਾਹਾ) ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।