ਜੈਤੋ, ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਵਿਖੇ ਚੱਲ ਰਹੇ ‘ਇਨਸਾਫ਼ ਮੋਰਚੇ’ ਦੌਰਾਨ ਅੱਜ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੰਗਤ ਨੂੰ ਮੁਖ਼ਾਤਿਬ ਹੁੰਦਿਆਂ ਬਾਦਲਾਂ ਕਥਿਤ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਘਟਨਾਵਾਂ ਲਈ ਜ਼ਿੰਮੇਵਾਰ ਡੇਰਾ ਪ੍ਰੇਮੀਆਂ ਦੇ ਸਿਰ ’ਤੇ ਬਾਦਲਾਂ ਦਾ ਕਥਿਤ ‘ਹੱਥ’ ਹੈ। ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਬਾਦਲਾਂ ਲਈ ਇਸ ਨੂੰ ‘ਸਬਕ’ ਦੱਸਿਆ।
ਸ੍ਰੀ ਦਾਦੂਵਾਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਸਿਰਸਾ ਦਾ ਕਥਿਤ ‘ਹੱਥ’ ਸੀ ਅਤੇ ਉਨ੍ਹਾਂ ਨੂੰ  ਬਾਦਲਾਂ ਦੀ ਸਰਪ੍ਰਸਤੀ ਹਾਸਲ ਸੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਲਦੀ ਜਨਤਕ ਕੀਤੇ ਜਾਣ ਦਾ ਖੁਲਾਸਾ ਕਰਦਿਆਂ ਉਮੀਦ ਕੀਤੀ ਕਿ ਰਿਪੋਰਟ ਕਈ ਪਰਤਾਂ ਖੋਲ੍ਹੇਗੀ। ਉੁਨ੍ਹਾਂ ਆਖਿਆ ਕਿ ਅੱਜ 36ਵੇਂ ਦਿਨ ਵਿੱਚ ਦਾਖ਼ਲ ਹੋਇਆ ਇਨਸਾਫ਼ ਮੋਰਚਾ ਪੁਰਅਮਨ ਢੰਗ ਨਾਲ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖੀ ਸੰਘਰਸ਼ ਕਰਦਿਆਂ ਭਾਈ ਮੰਡ ਨੂੰ ਆਪਣੇ ਮਾਂ ਜਾਏ ਤਿੰਨ ਵੀਰ ਗੁਆਉਣੇ ਪਏ। ਉਨ੍ਹਾਂ ਮੌਕੇ ’ਤੇ ਮੌਜੂਦ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਵੱਲੋਂ ਪੰਥਕ ਹਿਤਾਂ ਲਈ ਸਹਿਣ ਕੀਤੇ ਤਸ਼ੱਦਦ ਦਾ ਵੀ ਜ਼ਿਕਰ ਕੀਤਾ।
ਅੱਜ ਦੇ ਇਕੱਠ ਵਿੱਚ ਵੱਖ-ਵੱਖ ਸਿੱਖ ਸੰਗਠਨਾਂ, ਸੰਪਰਦਾ ਅਤੇ ਸੰਤ ਸਮਾਜ ਦੇ ਆਗੂ ਮੌਜੂਦ ਰਹੇ। ਮੰਚ ਸੰਚਾਲਨ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਕੀਤਾ ਗਿਆ।