ਚੰਡੀਗੜ੍ਹ, ‘ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਮਤਭੇਦ ਪਾਸੇ ਰੱਖ ਕੇ ਪੇਸ਼ੇਵਾਰਾਨਾ ਤੇ ਪਾਰਦਰਸ਼ੀ ਢੰਗ ਨਾਲ ਜਾਂਚ ਨੂੰ ਸਿਰੇ ਲਾਉਣਾ ਚਾਹੀਦਾ ਹੈ। ਇਸ ਮਾਮਲੇ ਨਾਲ ਸਰਕਾਰ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸੀਬੀਆਈ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਹੈ ਤੇ ਸਰਕਾਰ ਅੰਦਰਲੇ ਅਕਾਲੀ ਹਮਾਇਤੀ ਵੀ ਜਾਂਚ ਨੂੰ ਕੁਰਾਹੇ ਪਾਉਣ ਲਈ ਯਤਨ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਤਕਨੀਕੀ ਉਲਝਣਾਂ ਕਰ ਕੇ ਜਾਂਚ ਵਿਚ ਦੇਰੀ ਹੋ ਰਹੀ ਹੈ।’ ਇਹ ਵਿਚਾਰ ਪੇਸ਼ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਦਾ ਮਾਮਲਾ ਭਾਵਨਾਤਮਕ ਮਾਮਲਾ ਹੈ ਤੇ ਲੋਕ ਜਲਦੀ ਇਨਸਾਫ਼ ਚਾਹੁੰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਨੂੰ ਸਿਰੇ ਲਾਉਣ ਲਈ ਵਚਨਬੱਧ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸੀਬੀਆਈ ਨੂੰ ਇਸ ਮਾਮਲੇ ਵਿਚ ਕੋਈ ਦੋਸ਼ੀ ਨਹੀਂ ਲੱਭਿਆ ਤੇ ਉਸ ਨੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਦੂਜੇ ਪਾਸੇ, ਪੰਜਾਬ ਪੁਲੀਸ ਦੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣੀ ਸਿਟ ਨੇ 13 ਦੋਸ਼ੀਆਂ ਖ਼ਿਲਾਫ਼ ਦੋਸ਼ ਸਾਬਤ ਕਰ ਦਿੱਤੇ ਹਨ। ਇਸ ਤੋਂ ਸਾਫ ਹੈ ਕਿ ਸੀਬੀਆਈ ਦੋਸ਼ ਸਾਬਤ ਕਰਨ ਦੀ ਥਾਂ ਦੋਸ਼ੀਆਂ ਬਚਾਉਣ ’ਚ ਲੱਗੀ ਹੋਈ ਹੈ। ਇਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰ ਰਹੀ ਹੈ।
ਜਾਂਚ ਟੀਮ ਦੇ ਅਧਿਕਾਰੀਆਂ ਵਿਚਾਲੇ ਮਦਭੇਦ ਬਾਰੇ ਪੁੱਛੇ ਜਾਣ ’ਤੇ ਸ੍ਰੀ ਜਾਖੜ ਨੇ ਕਿਹਾ ਕਿ ਜਾਂਚ ਟੀਮ ਦੇ ਮੈਂਬਰ ਯੋਗ ਅਧਿਕਾਰੀ ਹਨ ਤੇ ਉਹ ਰਿਪੋਰਟ ਪੇਸ਼ ਕਰਦੇ ਸਮੇਂ ਆਪਣੀ ਵੱਖਰੀ ਰਾਏ ਦਰਜ ਕਰਵਾ ਸਕਦੇ ਹਨ ਪਰ ਉਨ੍ਹਾਂ ਨੂੰ ਜਾਂਚ ਨੂੰ ਸਿਰੇ ਚਾੜ੍ਹਨਾ ਚਾਹੀਦਾ ਹੈ। ਜਾਂਚ ਲਟਕਾਉਣ ਦੇ ਮਾਮਲੇ ’ਚ ਹਰਿਆਣਾ ਸਰਕਾਰ ਵੀ ਜ਼ਿੰਮੇਵਾਰ ਹੈ।
ਇਸ ਕਰ ਕੇ ਉਹ ਡੇਰਾ ਸਿਰਸਾ ਦੇ ਮੁਖੀ ਕੋਲੋਂ ਪੁੱਛਗਿੱਛ ਕਰਨ ਦੇ ਮਾਮਲੇ ’ਚ ਰੋੜੇ ਅਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੋਟਕਪੂਰਾ ’ਚ ਗੋਲੀ ਸਵੇਰੇ 6 ਵੱਜ ਕੇ 42 ਮਿੰਟ ’ਤੇ ਚਲੀ ਤੇ ਉਸ ਤੋਂ ਬਾਅਦ ਉਸੇ ਦਿਨ ਬਹਿਬਲ ਕਲਾਂ ਵਿਚ ਸਵੇਰੇ ਸਾਢੇ ਦਸ ਵਜੇ ਮੁੜ ਗੋਲੀ ਚੱਲੀ। ਅਕਾਲੀ ਸਰਕਾਰ ਤੇ ਕਾਂਗਰਸ ਸਰਕਾਰ ਸਮੇਂ ਬਣੇ ਦੋਵਾਂ ਕਮਿਸ਼ਨਾਂ ਜਸਟਿਸ ਜ਼ੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਨੇ ਆਪਣੀਆਂ ਰਿਪੋਰਟਾਂ ਵਿਚ ਸਾਫ਼ ਲਿਖਿਆ ਹੈ ਕਿ ਬਹਿਬਲ ਕਲਾਂ ਵਿਚ ਸ਼ਾਂਤਮਈ ਬੈਠੇ ਲੋਕਾਂ ’ਤੇ ਕਰੀਬ ਤੋਂ ਗੋਲੀ ਚਲਾਈ ਗਈ। ਇਸ ਪਿਛਲੀ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਹੈ। ਡੇਰਾ ਮੁਖੀ ਦੀ ਪਹਿਲਾਂ ਰੋਕੀ ਗਈ ਫਿਲਮ ਨੂੰ ਚਲਾਉਣ ਲਈ ਸੌਦੇਬਾਜ਼ੀ ਵੀ ਬੇਨਕਾਬ ਹੋਣੀ ਚਾਹੀਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਦੀ ਪਛਾਣ ਕੀਤੀ ਹੋਈ ਹੈ ਤੇ ਜਾਂਚ ਦੇ ਕੰਮ ਵਿਚ ਅੜਿਕੇ ਡਾਹ ਕੇ ਮੁੱਖ ਮੁਲਜ਼ਮ ਬਚਣਾ ਚਾਹੁੰਦੇ ਹਨ। ਸਿਟ ਮੁਖੀ ਪ੍ਰਬੋਧ ਕੁਮਾਰ ਵੱਲੋਂ ਸੀਬੀਆਈ ਨੂੰ ਜਾਂਚ ਜਾਰੀ ਰੱਖਣ ਬਾਰੇ ਲਿਖੇ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਗ ਕਰਨੀ ਚਾਹੀਦੀ ਸੀ ਕਿ ਜਾਂਚ ਨਾਲ ਸਬੰਧਿਤ ਦਸਤਾਵੇਜ਼ ਸਿਟ ਹਵਾਲੇ ਕੀਤੇ ਜਾਣ।