ਚੰਡੀਗੜ੍ਹ, 7 ਨਵੰਬਰ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਾਂਚ ਦੌਰਾਨ ਦਰਜ ਬਿਆਨਾਂ ਵਿੱਚ ਪੰਜਾਬ ਪੁਲੀਸ ਦੇ ਡੀਜੀਪੀ ਰੈਂਕ ਦੇ ਅਫ਼ਸਰ ਸੁਮੇਧ ਸਿੰਘ ਸੈਣੀ ਦਾ ਨਾਂ ਸਾਹਮਣੇ ਆਉਣ ’ਤੇ ਕਮਿਸ਼ਨ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਦਾ ਸੱਦਾ ਦਿੱਤਾ ਸੀ। ਸ੍ਰੀ ਸੈਣੀ ਨੂੰ ਕਮਿਸ਼ਨ ਨੇ ਅੱਜ ਤੱਕ ਖ਼ੁਦ ਜਾਂ ਨੁਮਾਇੰਦੇ ਰਾਹੀਂ ਪੇਸ਼ ਹੋ ਕੇ ਪੱਖ ਸਪਸ਼ਟ ਕਰਨ ਲਈ ਆਖਿਆ ਸੀ ਤੇ ਹਲਫ਼ਨਾਮਾ ਦੇਣ ਦਾ ਮੌਕਾ ਵੀ ਦਿੱਤਾ ਸੀ।
ਗ਼ੌਰਤਲਬ ਹੈ ਕਿ ਦੋ ਸਾਲ ਪਹਿਲਾਂ ਸੂਬੇ ਵਿੱਚ ਵੱਡੀ ਪੱਧਰ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਦਾ ਵਿਰੋਧ ਕਰ ਰਹੇ ਲੋਕਾਂ ਉਤੇ ਪੁਲੀਸ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿੱਚ ‘ਬਿਨਾਂ ਭੜਕਾਹਟ’ ਗੋਲੀ ਚਲਾਏ ਜਾਣ ਕਾਰਨ ਦੋ ਮੁਜ਼ਾਹਰਾਕਾਰੀਆਂ ਦੀ ਜਾਨ ਜਾਂਦੀ ਰਹੀ ਸੀ। ਜਾਣਕਾਰੀ ਮੁਤਾਬਕ ਸ੍ਰੀ ਸੈਣੀ ਨੇ ਕਮਿਸ਼ਨ ਦੇ ਸੁਨੇਹਿਆਂ ਦਾ ਕੋਈ ਜਵਾਬ ਨਹੀਂ ਦਿੱਤਾ, ਜਿਸ ਕਾਰਨ ਕਮਿਸ਼ਨ ਹੁਣ ਸ੍ਰੀ ਸੈਣੀ ਦੇ ਪੱਖ ਤੋਂ ਬਿਨਾਂ ਹੀ ਅਗਲੀ ਕਾਰਵਾਈ ਕਰ ਸਕਦਾ ਹੈ।
ਕਮਿਸ਼ਨ ਵੱਲੋਂ ਸ੍ਰੀ ਸੈਣੀ ਨੂੰ ਭੇਜੇ ਪੱਤਰਾਂ ਦੇ ਵੇਰਵੇ ਨਹੀਂ ਮਿਲ ਸਕੇ, ਕਿਉਂਕਿ 1982 ਬੈਚ ਦੇ ਆਈਪੀਐਸ ਅਫ਼ਸਰ ਸ੍ਰੀ ਸੈਣੀ ਦੀ ਮੁਹਾਲੀ ਸਥਿਤ ਰਿਹਾਇਸ਼ ਉਤੇ ਭੇਜੇ ਗਏ ਪੱਤਰਾਂ ਨੂੰ ‘ਗੁਪਤ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਸ੍ਰੀ ਸੈਣੀ ਦਾ ਨਾਂ 2015 ਵਿੱਚ ਪਵਿੱਤਰ ਬੀੜਾਂ ਦੀ ਬੇਅਦਬੀ ਤੋਂ ਬਾਅਦ ਦੀਆਂ ਘਟਨਾਵਾਂ ਦੇ ਮੁਤੱਲਕ ਬੋਲਿਆ ਹੈ। ਇਨ੍ਹਾਂ ਘਟਨਾਵਾਂ ਕਾਰਨ ਸ੍ਰੀ ਸੈਣੀ ਨੂੰ ਅਕਤੂਬਰ 2015 ਵਿੱਚ ਪੰਜਾਬ ਪੁਲੀਸ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹੁਣ ਉਹ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਉਤੇ ਤਾਇਨਾਤ ਹਨ।
ਕਮਿਸ਼ਨ ਨੇ ਹਾਲ ਹੀ ਵਿੱਚ ਇਸ ਮਾਮਲੇ ’ਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਸ੍ਰੀ ਸ਼ਰਮਾ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਮੌਕੇ ਦੇ ਡੀਜੀਪੀ (ਸ੍ਰੀ ਸੈਣੀ) ਨੇ ਉਨ੍ਹਾਂ (ਸ੍ਰੀ ਸ਼ਰਮਾ) ਨੂੰ ਇਸ ਮਾਮਲੇ ਵਿੱਚ ਮੁਅੱਤਲ ਕਰਨ ਲਈ ਅਫ਼ਸੋਸ ਜ਼ਾਹਰ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਆਪਣੀ ਮਜਬੂਰੀ ਕਰਾਰ ਦਿੱਤਾ ਸੀ। ਗ਼ੌਰਤਲਬ ਹੈ ਕਿ ਸ੍ਰੀ ਸ਼ਰਮਾ ਉਤੇ ਬਹਿਬਲ ਕਲਾਂ ਵਿੱਚ ਬਿਨਾਂ ਭੜਕਾਹਟ ਗੋਲੀ ਚਲਾਉਣ ਦੇ ਹੁਕਮ ਦੇਣ ਦੇ ਦੋਸ਼ ਲੱਗੇ ਸਨ।
ਹਾਲੇ ਮਾਮਲੇ ਦੀ ਜਾਂਚ ਜਾਰੀ: ਜਸਟਿਸ ਰਣਜੀਤ ਸਿੰਘ
ਸੰਪਰਕ ਕੀਤੇ ਜਾਣ ’ਤੇ ਜਸਟਿਸ ਰਣਜੀਤ ਸਿੰਘ ਨੇ ਇਸ ਮਾਮਲੇ ਵਿੱਚ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ, ‘‘ਕਮਿਸ਼ਨ ਵੱਲੋਂ ਬੇਅਦਬੀ ਦੀਆਂ ਘਟਨਾਵਾਂ, ਇਨ੍ਹਾਂ ਨਾਲ ਸਬੰਧਤ ਮੁੱਦਿਆਂ ਅਤੇ ਇਨ੍ਹਾਂ ਰੋਕਣ ਦੇ ਕਦਮ ਸੁਝਾਉਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਅਮਲ ’ਚ ਕਮਿਸ਼ਨ ਵੱਲੋਂ ਲੋੜ ਮੁਤਾਬਕ ਵੱਖ-ਵੱਖ ਵਿਅਕਤੀਆਂ ਨੂੰ ਤਲਬ ਕਰ ਕੇ ਸਬੂਤ ਤੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਪੁਲੀਸ ਅਫ਼ਸਰ ਤੇ ਹੋਰ ਗਵਾਹ ਵੀ ਸ਼ਾਮਲ ਹਨ।’’