ਸੰਗਰੂਰ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਦੀ ਅਗਲੇ ਦੋ/ਤਿੰਨ ਦਿਨਾਂ ਵਿਚ ਹੋਣ ਵਾਲੀ ਮੀਟਿੰਗ ਵਿਚ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਹ ਸੰਘਰਸ਼ ਬਰਗਾੜੀ ’ਚ ਇਨਸਾਫ਼ ਮੋਰਚੇ ਦੀ ਅਗਵਾਈ ਕਰਨ ਵਾਲੀਆਂ ਧਿਰਾਂ ਦੀ ਰਹਿਨੁਮਾਈ ਹੇਠ ਉਲੀਕਿਆ ਜਾਵੇਗਾ ਅਤੇ ਇਨ੍ਹਾਂ ਧਿਰਾਂ ਤੋਂ ਉਪਰ ਹੋ ਕੇ ਕੋਈ ਫ਼ੈਸਲਾ ਨਹੀਂ ਲਿਆ ਜਾਵੇਗਾ। ਸ੍ਰੀ ਬੈਂਸ ਇਥੇ ਜ਼ਿਲ੍ਹਾ ਜੇਲ੍ਹ ਵਿਚ ਇਰਾਦਾ ਕਤਲ ਦੇ ਦੋਸ਼ ਹੇਠ ਬੰਦ ਕਰੀਬ ਅੱਧੀ ਦਰਜਨ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਉਪਰ ਜੁੱਤੀ ਸੁੱਟ ਕੇ ਡਾਂਗ ਨਾਲ ਰੋਕਣ ਦਾ ਯਤਨ ਕਰਦਿਆਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਸੀ।
ਜ਼ਿਲ੍ਹਾ ਜੇਲ੍ਹ ਅੱਗੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਇਰਾਦਾ ਕਤਲ ਦੇ ਝੂਠੇ ਦੋਸ਼ ਲਾ ਕੇ ਜੇਲ੍ਹ ਵਿਚ ਡੱਕੇ ਸਿੱਖ ਕਾਰਕੁਨ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦੇਣ ਵਾਲੇ ਲੋਕ ਹਨ ਜਦੋਂਕਿ ਬਾਦਲ ਗੁਰੂ ਦੀ ਬੇਅਦਬੀ ਦੇ ਕਥਿਤ ਗੁਨਾਹਕਾਰ ਹਨ। ਸ੍ਰੀ ਬੈਂਸ ਨੇ ਕਿਹਾ ਕਿ ਬਾਦਲਾਂ ਨੂੰ ਕਿਸੇ ਕੋਲੋਂ ਖ਼ਤਰਾ ਨਹੀਂ ਹੈ ਸਗੋਂ ਪੰਜਾਬੀਆਂ ਤੋਂ ਹੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਬਾਦਲਾਂ ਨੂੰ ਬਚਾਉਣ ਲਈ ਜਾਣ ਬੁੱਝ ਕੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸ੍ਰੀ ਮਹਿਤਾਬ ਸਿੰਘ ਗਿੱਲ ਕਮਿਸ਼ਨ ਬਣਾ ਕੇ ਝੂਠੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਜਦੋਂ ਕਿ ਦੂਜੇ ਪਾਸੇ ਜੁੱਤੀ ਸੁੱਟ ਕੇ ਰੋਸ ਪ੍ਰਗਟ ਕਰ ਰਹੇ ਸਿੱਖ ਕਾਰਕੁਨਾਂ ਉਪਰ ਇਰਾਦਾ ਕਤਲ ਵਰਗੇ ਝੂਠੇ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਗੱਡੀ ’ਤੇ ਜੁੱਤੀ ਸੁੱਟਣ ਨਾਲ ਕਿਸੇ ਦਾ ਕਤਲ ਹੋ ਸਕਦਾ ਹੈ? ਉਨ੍ਹਾਂ ਸੰਗਰੂਰ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਧਾਰਾ 307 ਰੱਦ ਨਾ ਕੀਤੀ ਗਈ ਤਾਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਧਾਰਾ 307 ਰੱਦ ਕਰਾਉਣ ਬਾਬਤ ਸ੍ਰੀ ਬੈਂਸ ਇਥੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਮਿਲੇ। ਉਨ੍ਹਾਂ ਦਾਅਵਾ ਕੀਤਾ ਕਿ ਸੰਨ 2019 ’ਚ ਪੰਜਾਬ ਹਿਤੈਸ਼ੀ ਲੋਕ ਇੱਕ ਮੰਚ ’ਤੇ ਇਕੱਠੇ ਹੋਣਗੇ।
ਸਿੱਖ ਕਾਰਕੁਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ
ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਵੱਲੋਂ ਇਰਾਦਾ ਕਤਲ ਦੇ ਕੇਸ ਵਿਚ ਸੱਤ ਸਿੱਖ ਕਾਰਕੁੰਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਛੇ ਜਣਿਆਂ ਨੂੰ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਦੋਂਕਿ ਅਮਰਜੀਤ ਸਿੰਘ ਵਲੋਂ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਲਗਾਈ ਸੀ। ਮੁਦੱਈ ਪੱਖ ਦੇ ਵਕੀਲ ਸੁਖਬੀਰ ਸਿੰਘ ਪੂਨੀਆਂ ਨੇ ਦੱਸਿਆ ਕਿ ਅਦਾਲਤ ਵੱਲੋਂ ਰੈਗੂਲਰ ਜ਼ਮਾਨਤ ਅਤੇ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।