ਨਵੀਂ ਦਿੱਲੀ— ਆਮਿਰ ਖਾਨ ਦੀ ਫਿਲਮ ‘ਦੰਗਲ’ ਵਿਚ ਅਹਿਮ ਭੂਮਿਕਾ ਨਿਭਾ ਕੇ ਚਰਚਾ ‘ਚ ਆਈ ਐਕਟ੍ਰੈੱਸ ਜ਼ਾਇਰਾ ਵਸੀਮ ਆਪਣੀ ਅਗਲੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਨਾਲ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਫਿਲਮ ‘ਚ ਜ਼ਾਇਰਾ ਨੇ ਬੁਰਕਾ ਪਹਿਨਣ ਵਾਲੀ ਇਕ ਯੂ-ਟਿਊਬ ਸਿੰਗਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਚ ਆਮਿਰ ਖਾਨ ਵੀ ਨਜ਼ਰ ਆਉਣਗੇ। ਜ਼ਾਇਰਾ ਆਪਣੇ ਇਕ ਬਿਆਨ ਕਾਰਨ ਫਿਰ ਚਰਚਾ ‘ਚ ਆ ਗਈ ਹੈ।ਜ਼ਾਇਰਾ ਨੇ ਇਕ ਇੰਟਰਵਿਊ ‘ਚ ਕਿਹਾ, ”ਸੀਕ੍ਰੇਟ ਸੁਪਰਸਟਾਰ ‘ਚ ਮੇਰਾ ਬੁਰਕਾ ਪਹਿਨਣਾ ਕਿਸੇ ਧਰਮ ਨਾਲ ਨਹੀਂ ਜੁੜਿਆ ਹੈ, ਬਲਕਿ ਫਿਲਮ ਦੀ ਲੋੜ ਕਾਰਨ ਇਹ ਪੋਸ਼ਾਕ ਰੱਖੀ ਗਈ ਹੈ।” ਜ਼ਾਇਰਾ ਨੇ ਅੱਗੇ ਕਿਹਾ ਕਿ ਜੋ ਔਰਤਾਂ ਬੁਰਕਾ ਪਹਿਨਦੀਆਂ ਹਨ, ਉਨ੍ਹਾਂ ‘ਤੇ ਲੋਕਾਂ ਨੇ ਦੋਸ਼ ਲਾ ਦਿੱਤਾ ਕਿ ਉਹ ਦਬਾਅ ‘ਚ ਹਨ। ਮੈਂ ਅਜਿਹੀਆਂ ਔਰਤਾਂ ਨੂੰ ਜਾਣਦੀ ਹਾਂ, ਜੋ ਨਕਾਬ ਪਹਿਨਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਇਹ ਪਹਿਨਣ ਨਹੀਂ ਦਿੱਤਾ ਜਾਂਦਾ। ਕਸ਼ਮੀਰ ‘ਚ ਬਹੁਤ ਸਾਰੀਆਂ ਲੜਕੀਆਂ ਹਨ, ਜੋ ਆਪਣੀ ਮਰਜ਼ੀ ਨਾਲ ਨਕਾਬ ਪਹਿਨਦੀਆਂ ਹਨ ਤੇ ਉਨ੍ਹਾਂ ਦੇ ਨਿਕਾਹ ਨਹੀਂ ਹੋ ਰਹੇ। ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ‘ਤੇ ਨਕਾਬ ਉਤਾਰਨ ਦਾ ਦਬਾਅ ਪਾ ਰਹੇ ਹਨ ਪਰ ਉਹ ਨਹੀਂ ਉਤਾਰ ਰਹੀਆਂ। ਜ਼ਾਇਰਾ ਇਸ ਤੋਂ ਪਹਿਲਾਂ ਵੀ ‘ਦੰਗਲ’ ਦੀ ਰਿਲੀਜ਼ ਦੌਰਾਨ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਵਿਵਾਦਾਂ ‘ਚ ਆ ਗਈ ਸੀ, ਬਾਅਦ ‘ਚ ਉਸ ਨੂੰ ਇਸ ਲਈ ਮੁਆਫੀ ਵੀ ਮੰਗਣੀ ਪਈ ਸੀ।