ਰਿਚਮੰਡ : ਕੈਨੇਡਾ ਵਿਚ ਨਸ਼ਾ ਤਸਕਰੀ ਦੇ ਦੋ ਵੱਖ ਵੱਖ ਮਾਮਲਿਆਂ ਵਿਚ ਤਿੰਨ ਪੰਜਾਬੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀ.ਸੀ. ਦੇ ਰਿਚਮੰਡ, ਬਰਨਬੀ ਅਤੇ ਸਰੀ ਸ਼ਹਿਰਾਂ ਵਿਚ ਕਈ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ ਹੋਈ ਬਰਾਮਦਗੀ ਦੇ ਸਿਲਸਿਲੇ ਤਹਿਤ 22 ਸਾਲ ਦੇ ਸਮਰਦੀਪ ਧਾਮੀ ਅਤੇ 40 ਸਾਲ ਦੇ ਰੈਂਡੀ ਚੂ ਵਿਰੁੱਘ ਦੋਸ਼ ਆਇਦ ਕੀਤੇ ਗਏ ਹਨ। ਬੀ.ਸੀ. ਦੇ ਕੰਬਾਈਂਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਛਾਪਾਮਾਰੀ ਦੌਰਾਨ 12.7 ਕਿਲੋ ਮੈਥਮਫੈਟਾਮਿਨ, 4.7 ਕਿਲੋ ਫੈਂਟਾਨਿਲ, 1.6 ਕਿਲੋ ਕੋਕੀਨ ਅਤੇ 1.6 ਕਿਲੋ ਕੈਟਾਮੀਨ ਤੋਂ ਇਲਾਵਾ 79 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ ਜਦਕਿ ਇਕ ਗੱਡੀ ਵਿਚੋਂ 9 ਕਿਲੋ ਕੋਕੀਨ ਵੱਖਰੇ ਤੌਰ ’ਤੇ ਜ਼ਬਤ ਕੀਤੀ ਗਈ। ਅਗਸਤ 2023 ਵਿਚ ਕੀਤੀ ਗਈ ਕਾਰਵਾਈ ਦੇ ਆਧਾਰ ’ਤੇ ਪਬਲਿਕ ਪ੍ਰੌਸੀਕਿਊਸ਼ਨ ਸਰਵਿਸ ਆਫ ਕੈਨੇਡਾ ਵੱਲੋਂ ਬੀਤੇ ਦਿਨੀਂ ਸਮਰਦੀਪ ਧਾਮੀ ਅਤੇ ਰੈਂਡੀ ਚੂ ਵਿਰੁੱਧ ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ ਗਈ।

22 ਸਾਲ ਦੇ ਸਮਰਦੀਪ ਧਾਮੀ ਅਤੇ ਰੈਂਡੀ ਚੂ ਨੂੰ ਮਿਲੀ ਜ਼ਮਾਨਤ ਸਮਰਦੀਪ ਧਾਮੀ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਹਾਂ ਨੂੰ ਗ੍ਰਿਫ਼ਤਾਰੀ ਮਗਰੋਂ ਸ਼ਰਤਾਂ ’ਤੇ ਆਧਾਰਤ ਜ਼ਮਾਨਤ ਦੇ ਦਿਤੀ ਗਈ। ਸਾਰਜੈਂਟ ਬਰੈਂਡਾ ਵਿਨਪੈਨੀ ਨੇ ਦੱਸਿਆ ਕਿ ਵੱਖ ਵੱਖ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਸਦਕਾ ਨਸ਼ਾ ਤਸਕਰਾਂ ਦੀ ਜਵਾਬਦੇਹੀ ਯਕੀਨੀ ਬਣਾਈ ਜਾ ਸਕੀ ਅਤੇ ਪਾਬੰਦੀਸ਼ੁਦਾ ਪਦਾਰਥ ਕਮਿਊਨਿਟੀ ਤੋਂ ਦੂਰ ਕਰ ਦਿਤੇ ਗਏ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 23 ਸਾਲ ਦੇ ਕਰਨਪ੍ਰੀਤ ਸਿੰਘ ਅਤੇ 20 ਸਾਲ ਦੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਦੋਹਾਂ ਕੋਲੋਂ ਕਥਿਤ ਤੌਰ ’ਤੇ 4 ਲੱਖ ਡਾਲਰ ਮੁੱਲ ਦੀ ਫੈਂਟਾਨਿਲ ਬਰਾਮਦ ਕੀਤੀ ਗਈ ਜਿਸ ਨੂੰ ਸੰਭਾਵਤ ਤੌਰ ’ਤੇ ਕੈਨੋਰਾ ਅਤੇ ਆਲੇ-ਦੁਆਲੇ ਦੀਆਂ ਕਮਿਊਨਿਟੀਜ਼ ਵਿਚ ਵੇਚਿਆ ਜਾਣਾ ਸੀ।