ਨਵੀਂ ਦਿੱਲੀ, ਬੀਸੀਸੀਆਈ ਨੇ ਕੇਂਦਰੀ ਸਮਝੌਤੇ ਦੀ ਉਪਧਾਰਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਭਾਰਤੀ ਟੀਮ ’ਚੋਂ ਬਾਹਰ ਚੱਲ ਰਹੇ ਵਿਕਟਕੀਪਰ ਅਤੇ ਬੱਲੇਬਾਜ਼ ਦਿਨੇਸ਼ ਕਾਰਤਿਕ ਵੱਲੋਂ ਬਿਨਾਂ ਸ਼ਰਤ ਮੰਗੀ ਮੁਆਫ਼ੀ ਸਵੀਕਾਰ ਕਰ ਲਈ, ਜਿਸ ਨਾਲ ਮਾਮਲਾ ਨਿਬੜ ਗਿਆ ਹੈ। ਕਾਰਤਿਕ ਨੇ ਸ਼ਾਹਰੁਖ਼ ਖ਼ਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡਰੈਸਿੰਗ ਰੂਮ ਵਿੱਚ ਕੈਰੇਬਿਆਈ ਪ੍ਰੀਮੀਅਰ ਲੀਗ ਦਾ ਮੈਚ ਵੇਖ ਕੇ ਬੀਸੀਸੀਆਈ ਦੇ ਕੇਂਦਰੀ ਸਮਝੌਤੇ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਕਾਰਤਿਕ ਨੇ ਬੀਸੀਸੀਆਈ ਤੋਂ ਨੋਟਿਸ ਮਿਲਣ ਮਗਰੋਂ ਬਿਨਾ ‘ਸ਼ਰਤ ਮੁਆਫ਼ੀ’ ਮੰਗੀ ਸੀ।
ਕਾਰਤਿਕ ਆਈਪੀਐੱਲ ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕਪਤਾਨ ਹੈ। ਉਹ ਡਰੈਸਿੰਗ ਰੂਮ ਵਿੱਚ ਟ੍ਰਿਨਬੈਗੋ ਦੀ ਜਰਸੀ ਵਿੱਚ ਮੈਚ ਵੇਖਦਾ ਨਜ਼ਰ ਆਇਆ। ਬੀਸੀਸੀਆਈ ਦੇ ਸਮਝੌਤੇ ਮੁਤਾਬਕ ਦੇਸ਼ ਲਈ 26 ਟੈਸਟ ਅਤੇ 94 ਇੱਕ ਰੋਜ਼ਾ ਖੇਡਣ ਵਾਲੇ ਕਾਰਤਿਕ ਨੂੰ ਇਸ ਮੈਚ ਲਈ ਬੋਰਡ ਤੋਂ ਮਨਜ਼ੂਰੀ ਲੈਣੀ ਚਾਹੀਦੀ ਸੀ। ਉਸ ਦਾ ਸਮਝੌਤਾ ਉਸ ਨੂੰ ਕਿਸੇ ਨਿੱਜੀ ਲੀਗ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੰਦਾ।