ਨਵੀਂ ਦਿੱਲੀ, 24 ਮਾਰਚ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਅੱਠ ਵਿਅਕਤੀਆਂ ਨੂੰ ਜਿਊਂਦੇ ਸਾੜਨ ਦੇ ਮਾਮਲੇ ਵਿੱਚ ਮਮਤਾ ਬੈਨਰਜੀ ਸਰਕਾਰ ਤੇ ਸੂਬਾਈ ਪੁਲੀਸ ਮੁਖੀ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿੱਚ ਰਿਪੋਰਟ ਮੰਗ ਲਈ ਹੈ। ਕਮਿਸ਼ਨ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਹੁਣ ਤੱਕ ਕੀਤੀ ਪੇਸ਼ਕਦਮੀ ਸਬੰਧੀ ਵਿਸਥਾਰਤ ਰਿਪੋਰਟ ਦਾਖਲ ਕਰਨ ਦੀ ਤਾਕੀਦ ਕੀਤੀ ਹੈ। ਇਸ ਦੌਰਾਨ ਬੀਰਭੂਮ ਪੁਲੀਸ ਨੇ ਰਾਮਪੁਰਹਾਟ ਦੇ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ (ਐੱਸਡੀਪੀਓ) ਸ਼ਿਆਨ ਅਹਿਮਦ ਨੂੰ ਬੋਗਟੁਈ ਪਿੰਡ ਵਿੱਚ ਹੋਈ ਅੱਗਜ਼ਨੀ ਦੀ ਘਟਨਾ ਨੂੰ ਰੋਕਣ ਲਈ ਕੋਈ ‘ਇਹਤਿਆਤੀ ਕਦਮ’ ਨਾ ਚੁੱਕਣ ਲਈ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਦੀ ਮੁਅੱਤਲੀ ਦੇ ਹੁਕਮ ਮੁੱਖ ਮੰਤਰੀ ਮਮਤਾ ਬੈਨਰਜੀ ਵੱਂਲੋਂ ਕੁਝ ਪੁਲੀਸ ਅਧਿਕਾਰੀਆਂ ਦੀ ਕੀਤੀ ਝਾੜਝੰਬ ਮਗਰੋਂ ਜਾਰੀ ਕੀਤੇ ਗਏ ਹਨ।