ਜੰਡਿਆਲਾ (ਖਡੂਰ ਸਾਹਿਬ), 6 ਮਈ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਉਸ ਨੇ ਪੰਜਾਬ ਲਈ ਕੁਝ ਵੀ ਨਹੀਂ ਕੀਤਾ ਸਗੋਂ ਕੇਂਦਰ ਸਰਕਾਰ ਦਾ ਅੰਗ ਹੁੰਦੇ ਹੋਏ ਪੰਜਾਬ ਲਈ ਸਮੱਸਿਆਵਾਂ ਹੀ ਪੈਦਾ ਕੀਤੀਆਂ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਜਾਂ ਇੱਥੋਂ ਦੇ ਲੋਕਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਕੇਂਦਰ ਸਰਕਾਰ ਨੇ ਸੂਬੇ ਲਈ ਡੱਕਾ ਭੰਨ ਕੇ ਵੀ ਦੋਹਰਾ ਨਹੀਂ ਕੀਤਾ। ਉਨਾਂ ਕਿਹਾ ਕਿ ਬੀਬੀ ਕੇਂਦਰ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਆਪਣੇ ਸੂਬੇ ਵਾਸਤੇ ਕੁਝ ਵੀ ਕਰਨ ਤੋਂ ਅਸਫ਼ਲ ਰਹੀ ਹੈ। 

ਕੈਪਟਨ ਅਮਰਿੰਦਰ ਸਿੰਘ ਖਡੂਰ ਸਾਹਿਬ ਅਤੇ ਅੰਮਿ੍ਰਤਸਰ ਤੋਂ ਕਾਂਗਰਸ ਦੇ ਉਮੀਦਵਾਰਾਂ ਜਸਬੀਰ ਸਿੰਘ ਡਿੰਪਾ ਅਤੇ ਗੁਰਜੀਤ ਸਿੰਘ ਔਜਲਾ ਦੇ ਸਮਰਥਨ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ।

ਮੰਡੀਆਂ ਵਿੱਚੋਂ ਕਣਕ ਦੀ ਧੀਮੀ ਚੁਕਾਈ ਬਾਰੇ ਪੁੱਛੇ ਗਏ ਇਕ  ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਮੱਸਿਆ ਖੜੀ ਕਰਨ ਲਈ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਉਸ ਦੀ ਵਜਾ ਦੇ ਕਾਰਨ ਸੂਬੇ ਵਿੱਚ ਬੋਰੀਆਂ ਦੀ ਕਮੀ ਪੈਦਾ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਿਰੋਧੀ ਸਾਡੇ ਲਈ ਸਮੱਸਿਆਵਾਂ ਪੈਦਾ ਕਰਨ ਲਈ ਨਵੇਂ ਦਾਅ-ਪੇਚ ਅਪਣਾ ਰਹੇ ਹਨ। ਉਨਾਂ ਨੇ ਸਾਰੀਆਂ ਬੋਰੀਆਂ ਹਰਿਆਣਾ ਵੱਲ ਨੂੰ ਤੋਰ ਦਿੱਤੀਆਂ ਹਨ ਜਿੱਥੇ ਉਨਾਂ ਦੀ ਆਪਣੀ ਪਾਰਟੀ ਸੱਤਾ ਵਿੱਚ ਹੈ।  ਪ੍ਰਤੱਖ ਤੌਰ ’ਤੇ ਉਨਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨੀਵਾਂ ਦਿਖਾਉਣ ਅਤੇ ਹਰਿਆਣਾ ਵਿੱਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਅਜਿਹਾ ਕੀਤਾ ਹੈ। ਉਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਸ਼ਰਮਨਾਕ ਕਾਰਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਾਦਲਾਂ ਦੇ ਕਹਿਣ ’ਤੇ ਕੀਤਾ ਗਿਆ ਹੈ। ਸੂਬੇ ਦੀਆਂ ਬੋਰੀਆਂ ਹਰਿਆਣਾ ਵੱਲ ਤੋਰਨ ਲਈ ਕੇਂਦਰ ਕੋਲ ਕੋਈ ਵੀ ਕਾਰਨ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਅਤੇ ਇਹ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਯਤਨ ਕਰੇਗੀ। 

ਅਕਾਲੀਆਂ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ 113 ਘਟਨਾਵਾਂ ਵਾਪਰਨ ਲਈ ਮੁੱਖ ਮੰਤਰੀ ਨੇ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਆਗਿਆ ਦਿੱਤੀ। ਇਸ ਦੇ ਨਾਲ ਹੀ ਉਨਾਂ ਨੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਵੀ ਬੇਅਦਬੀ ਹੋਣ ਦਿੱਤੀ। ਅਕਾਲੀਆਂ ਨੇ ਆਪਣੇ ਸਿਆਸੀ ਹਿੱਤਾਂ ਦੇ ਲਈ ਫੁੱਟ ਪਾਊ ਅਤੇ ਸਦਭਾਵਨਾ ਨੂੰ ਢਾਹ ਲਾਉਣ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉਨਾਂ ਕਿਹਾ ਕਿ ਅਕਾਲੀਆਂ ਨੂੰ ਇਸ ਦਾ ਮੁੱਲ ਤਾਰਨਾ ਪਵੇਗਾ। 

ਮੈਡੀਕਲ ਸਟੋਰਾਂ ਅਤੇ ਕੈਮਿਸਟਾਂ ਵੱਲੋਂ ਸੂਚੀਦਰਜ ਐਲ ਡਰੱਗ ਵੇਚੇ ਜਾਣ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਨਾਂ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਪੂਰੀ ਸੂਚਨਾ ਭੇਜਣ ਲਈ ਕਿਹਾ ਹੈ। ਉਨਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿੱਚ ਆਈ ਸੀ ਉਦੋਂ ਲੱਖਾਂ ਨੌਜਵਾਨ ਨਸ਼ਿਆਂ ਵਿੱਚ ਜਕੜੇ ਪਏ ਸਨ। ਪਿਛਲੀ ਸਰਕਾਰ ਨੇ ਇਸ ਸਮੱਸਿਆ ਨਾਲ ਨਿਪਟਨ ਲਈ ਕੁਝ ਵੀ ਨਹੀਂ ਕੀਤਾ ਜਦਕਿ ਉਨਾਂ ਦੀ ਸਰਕਾਰ ਨੇ ਐਸ.ਆਈ.ਟੀ. ਸਥਾਪਤ ਕੀਤੀ ਜਿਸ ਨੇ 26000 ਤੋਂ ਵੱਧ ਤਸਕਰਾਂ ਨੂੰ ਗਿ੍ਰਫਤਾਰ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਖੋਲੇ ਗਏ ਕੇਂਦਰਾਂ ਵਿੱਚ ਨਸ਼ਿਆਂ ਵਿੱਚ ਫਸੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਪਿੰਡਾਂ ਵਿੱਚ ਰਹਿਣ ਵਾਲੇ ਬੇਘਰੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਦੇਣ ਦੇ ਕੀਤੇ ਗਏ ਵਾਅਦੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪਹਿਲਾਂ ਹੀ 1,32,620 ਪਲਾਟਾਂ ਦਾ ਐਲਾਨ ਕਰ ਦਿੱਤਾ ਹੈ। ਜਿਨਾਂ ਪਿੰਡਾਂ ਵਿੱਚ ਪੰਚਾਇਤਾਂ ਕੋਲ ਜ਼ਮੀਨਾਂ ਉਪਲਬਧ ਹਨ ਉਨਾਂ ਪਿੰਡਾਂ ਵਿੱਚ ਘੱਟੋ-ਘੱਟ 10 ਪਲਾਟ ਅਲਾਟ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਟੀਚਾ ਦਿੱਤਾ ਗਿਆ ਹੈ। 

ਮੁੱਖ ਮੰਤਰੀ ਨੇ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਖੇਤੀ ਕਰਜ਼ੇ ਮੁਆਫੀ ਕਰਨ ਦੀ ਸਕੀਮ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੀ ਜਾ ਰਹੀ ਹੈ ਭਾਵੇਂ ਕਿ ਸੂਬੇ ਦੀ ਵਿੱਤੀ ਹਾਲਤ ਠੀਕ ਨਹੀਂ ਹੈ। 

ਸੂਬੇ ਵਿੱਚ ਪਾਣੀ ਦੀ ਚਿੰਤਾਜਨਕ ਸਥਿਤੀ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਫਸਲੀ ਵਿਭਿੰਨਤਾ ’ਤੇ ਜ਼ੋਰ ਦਿੱਤਾ ਅਤੇ ਇਸ ਨੂੰ ਪਾਣੀ ਦੀ ਸਮੱਸਿਆ ਨਾਲ ਨਿਪਟਣ ਦਾ ਇਕੋ-ਇਕ ਹੱਲ ਦੱਸਿਆ। ਉਨਾਂ ਕਿਹਾ ਕਿ ਕਣਕ ਅਤੇ ਝੋਨੇ ਤੋਂ ਇਲਾਵਾ ਹੋਰਾਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇ ਕੇ ਕੇਂਦਰ ਸਰਕਾਰ ਨੂੰ ਇਸ ਸਬੰਧ ਵਿੱਚ ਸੂਬੇ ਦੀ ਮਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਐਮ.ਐਸ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ।