ਨਵੀਂ ਦਿੱਲੀ:ਓਰਲੀਨਜ਼ ਮਾਸਟਰਜ਼ ਸੁਪਰ 300 ਟੂਰਨਾਮੈਂਟ ਜੇਤੂ ਭਾਰਤ ਦਾ ਪ੍ਰਿਯਾਂਸ਼ੂ ਰਜਾਵਤ ਤਾਜ਼ਾ ਬੀਡਬਲਿਊਐੱਫ (ਬੈਡਮਿੰਟਨ ਵਰਲਡ ਫੈਡਰੇਸ਼ਨ) ਦਰਜਾਬੰਦੀ ਵਿੱਚ 20 ਸਥਾਨ ਉਪਰ ਖਿਸਕ ਕੇ ਕਰੀਅਰ ਦੇ ਸਰਬੋਤਮ 38ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ 21 ਸਾਲਾ ਖਿਡਾਰੀ ਨੇ ਫਾਈਨਲ ਵਿੱਚ ਡੈਨਮਾਰਕ ਦੇ ਮੈਗਨਸ ਜੋਹਾਨਸਨ ਨੂੰ 21-15, 19-21, 21-16 ਨਾਲ ਹਰਾ ਕੇ ਆਪਣਾ ਪਹਿਲਾ ਸੁਪਰ 300 ਖਿਤਾਬ ਜਿੱਤਿਆ ਸੀ। ਉਹ ਪੁਰਸ਼ ਸਿੰਗਲਜ਼ ਵਿੱਚ 30,786 ਅੰਕਾਂ ਨਾਲ 38ਵੇਂ ਸਥਾਨ ’ਤੇ ਪਹੁੰਚਿਆ ਹੈ। ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਇੱਕ ਸਥਾਨ ਉਪਰ 24ਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜਦਕਿ ਕਿਦਾਂਬੀ ਸ੍ਰੀਕਾਂਤ ਦੋ ਸਥਾਨ ਖਿਸਕ ਕੇ 23ਵੇਂ ਸਥਾਨ ’ਤੇ ਚਲਾ ਗਿਆ ਹੈ। ਐੱਚਐੱਸ ਪ੍ਰਣੌਏ ਅੱਠਵੇਂ ਸਥਾਨ ’ਤੇ ਬਰਕਰਾਰ ਹੈ।ਮਹਿਲਾ ਸਿੰਗਲਜ਼ ਵਿੱਚ ਸਪੇਨ ਮਾਸਟਰਜ਼ ਦੀ ਉਪ ਜੇਤੂ ਪੀਵੀ ਸਿੰਧੂ ਮੁੜ ਦੋ ਸਥਾਨ ਖਿਸਕ ਕੇ 11ਵੇਂ ਸਥਾਨ ’ਤੇ ਚਲੀ ਗਈ ਹੈ, ਜਦਕਿ ਸਾਇਨਾ ਨੇਹਵਾਲ 31ਵੇਂ ਸਥਾਨ ’ਤੇ ਪਹੁੰਚ ਗਈ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਛੇਵੇਂ ਸਥਾਨ ਅਤੇ ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ 27ਵੇਂ ਸਥਾਨ ’ਤੇ ਕਾਇਮ ਹੈ। ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਇੱਕ ਸਥਾਨ ਖਿਸਕ ਕੇ 20ਵੇਂ ਸਥਾਨ ’ਤੇ ਚਲੀ ਗਈ ਹੈ।