ਮੁੰਬਈ, 29 ਅਕਤੂਬਰ
ਬਿੱਗ ਬੌਸ 14 ਦੇ ਇਕ ਐਪੀਸੋਡ ਦੌਰਾਨ ਜਾਨ ਕੁਮਾਰ ਸਾਨੂ ਵੱਲੋਂ ਮਰਾਠੀ ਭਾਸ਼ਾ ਬਾਰੇ ਕੀਤੀ ਟਿੱਪਣੀ ਲਈ ਨਿਰਮਾਤਾਵਾਂ ਨੇ ਮੁਆਫ਼ੀ ਮੰਗੀ ਹੈ। ਇਸ ਟਿੱਪਣੀ ’ਤੇ ਕਾਫ਼ੀ ਹੰਗਾਮਾ ਹੋਇਆ ਹੈ ਤੇ ਨਿਰਮਾਤਾਵਾਂ ਨੇ ਕਿਹਾ ਹੈ ਕਿ ਸੁਧਾਰ ਲਈ ਉਹ ਢੁੱਕਵੇਂ ਕਦਮ ਚੁੱਕਣਗੇ। ਜਾਨ ਨੇ ਸ਼ੋਅ ਦੀ ਮੁਕਾਬਲੇਬਾਜ਼ ਨਿਕੀ ਤੰਬੋਲੀ ਨਾਲ ਬਹਿਸ ਦੌਰਾਨ ਕਿਹਾ ਕਿ ਉਹ ਉਸ ਦੇ ਸਾਹਮਣੇ ਮਰਾਠੀ ਵਿਚ ਗੱਲ ਨਾ ਕਰੇ। ਉਸ ਨੇ ਕਿਹਾ ਕਿ ਮਰਾਠੀ ਸੁਣ ਕੇ ਉਹ ਤੰਗ ਹੋ ਜਾਂਦਾ ਹੈ। ਜਾਨ ਨੇ ਨਿਕੀ ਨੂੰ ਕਿਹਾ ਕਿ ਜੇ ਹਿੰਮਤ ਹੈ ਤਾਂ ਉਹ ਹਿੰਦੀ ਵਿਚ ਗੱਲ ਕਰੇ। ਸ਼ੋਅ ਦੇ ਪ੍ਰਸਾਰਣ ਤੋਂ ਬਾਅਦ ਦੋਵਾਂ ਵਿਚਾਲੇ ਹੋਈ ਬਹਿਸ ਨੂੰ ਸਿਆਸੀ ਰੰਗਤ ਚੜ੍ਹ ਗਈ ਤੇ ਕਈ ਆਗੂਆਂ ਨੇ ਇਸ ’ਤੇ ਨਾਖ਼ੁਸ਼ੀ ਜ਼ਾਹਿਰ ਕੀਤੀ। ਪ੍ਰੋਡਕਸ਼ਨ ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ‘ਕਲਰਜ਼ ਚੈਨਲ ’ਤੇ ਹੋਏ ਪ੍ਰਸਾਰਣ ਬਾਰੇ ਇਤਰਾਜ਼ ਉਨ੍ਹਾਂ ਨੂੰ ਮਿਲ ਗਏ ਹਨ ਤੇ ਇਸ ਹਿੱਸੇ ਨੂੰ ਬਰਾਡਕਾਸਟ ਵਿਚ ਭਵਿੱਖ ’ਚ ਨਹੀਂ ਦਿਖਾਇਆ ਜਾਵੇਗਾ।’