ਨਵੀ ਦਿੱਲੀ : ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਕਾਫ਼ੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਚਲਦਿਆ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਰਾਜ ਭਵਨ ਪੁੱਜੇ ਅਤੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਮੌਜੂਦਾ ਵਿਧਾਨ ਸਭਾ 19 ਨਵੰਬਰ ਨੂੰ ਭੰਗ ਹੋ ਜਾਵੇਗੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੂਬਾ ਮੰਤਰੀ ਮੰਡਲ ਦੀ ਰਸਮੀ ਮੀਟਿੰਗ ਹੋਈ ਸੀ। ਇਹ ਮੌਜੂਦਾ ਨਿਤੀਸ਼ ਕੁਮਾਰ ਮੰਤਰੀ ਮੰਡਲ ਦੀ ਆਖਰੀ ਮੀਟਿੰਗ ਸੀ। ਇਸ ਵਿੱਚ ਮੰਤਰੀ ਮੰਡਲ ਨੂੰ ਭੰਗ ਕਰਨ ਦਾ ਫੈਸਲਾ ਲਿਆ ਗਿਆ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਅੰਤਿਮ ਕੈਬਨਿਟ ਮੀਟਿੰਗ ਲਈ ਪਟਨਾ ਦੇ ਪੁਰਾਣੇ ਸਕੱਤਰੇਤ ਪਹੁੰਚੇ ਸਨ। ਕੈਬਨਿਟ ਮੀਟਿੰਗ ਸਮਾਪਤ ਹੋਣ ਤੋਂ ਬਾਅਦ, ਨਿਤੀਸ਼ ਕੁਮਾਰ ਰਾਜ ਭਵਨ ਗਏ ਅਤੇ ਰਸਮੀ ਤੌਰ ‘ਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

ਮੰਤਰੀ ਪ੍ਰੇਮ ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ 20 ਨਵੰਬਰ ਨੂੰ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਸਣੇ ਕਈ ਵੱਡੇ ਆਗੂ ਇਸ ‘ਚ ਸ਼ਾਮਲ ਹੋਣਗੇ। ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਦੀਆਂ ਪੂਰੀਆਂ ਤਿਆਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਿਤੀਸ਼ ਕੁਮਾਰ ਹੁਣ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਗਾਂਧੀ ਮੈਦਾਨ ਵਿਖੇ 17 ਨਵੰਬਰ ਤੋਂ 20 ਨਵੰਬਰ ਤੱਕ ਆਮ ਲੋਕਾਂ ਲਈ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਗਾਂਧੀ ਮੈਦਾਨ ਵਿਖੇ ਲਗਭਗ 5,000 ਵੀਵੀਆਈਪੀ ਮਹਿਮਾਨਾਂ ਦੇ ਬੈਠਣ ਲਈ ਇੱਕ ਵਿਸ਼ੇਸ਼ ਭਾਗ ਤਿਆਰ ਕੀਤਾ ਜਾ ਰਿਹਾ ਹੈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੱਡਾ, ਭਾਜਪਾ ਅਤੇ ਐਨਡੀਏ ਸ਼ਾਸਿਤ ਸਾਰੇ ਮੁੱਖ ਮੰਤਰੀਆਂ ਦੇ ਨਾਲ-ਨਾਲ ਵਿਰੋਧੀ ਧਿਰ ਦੇ ਕੁਝ ਵੱਡੇ ਚਿਹਰੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਵੀਂ ਸਰਕਾਰ ਦੇ ਗਠਨ ਤੱਕ ਨਿਤੀਸ਼ ਕੁਮਾਰ ਕਾਰਜਕਾਰੀ ਮੁੱਖ ਮੰਤਰੀ ਵਜੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ ਰਹਿਣਗੇ।