ਨਵੀ ਦਿੱਲੀ : ਨਿਤੀਸ਼ ਕੁਮਾਰ ਨੇ ਅੱਜ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਮੁਹੰਮਦ ਆਰਿਫ਼ ਖਾਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਗਾਂਧੀ ਮੈਦਾਨ ਵਿੱਚ ਹੋਏ ਇਸ ਸ਼ਾਨਦਾਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕਈ ਹੋਰ ਸੀਨੀਅਰ ਭਾਜਪਾ ਨੇਤਾ ਸ਼ਾਮਲ ਹੋਏ। ਸਟੇਜ ‘ਤੇ ‘ਬਿਹਾਰ ਵਿੱਚ ਫਿਰ ਇੱਕ ਵਾਰ – ਨਿਤੀਸ਼ ਕੁਮਾਰ’ ਦੇ ਨਾਅਰੇ ਗੂੰਜੇ।

ਨਿਤੀਸ਼ ਕੁਮਾਰ ਤੋਂ ਬਾਅਦ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਰਾਜਪਾਲ ਨੇ ਇੱਕੋ ਸਮੇਂ ਪੰਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪਹਿਲੇ ਪੜਾਅ ਵਿੱਚ ਸੀਐਮ-ਡਿਪਟੀ ਸੀਐਮ ਤੋਂ ਬਾਅਦ ਵਿਜੇ ਚੌਧਰੀ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਵਣ ਕੁਮਾਰ, ਮੰਗਲ ਪਾਂਡੇ ਅਤੇ ਦਿਲੀਪ ਜੈਸਵਾਲ ਨੇ ਸਹੁੰ ਚੁੱਕੀ।

ਦੱਸ ਦਈਏ ਕਿ ਕੁੱਲ 26 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਵਿੱਚੋਂ 14 ਭਾਜਪਾ ਤੋਂ, ਅੱਠ ਜੇਡੀਯੂ ਤੋਂ, ਦੋ ਐਲਜੇਪੀ (ਆਰ) ਤੋਂ, ਇੱਕ-ਇੱਕ ਐੱਚਏਐਮ ਅਤੇ ਕੁਸ਼ਵਾਹਾ ਦੀ ਪਾਰਟੀ ਤੋਂ ਹਨ। ਇਸ ਕੈਬਨਿਟ ਵਿੱਚ ਇੱਕ ਮੁਸਲਿਮ ਚਿਹਰਾ ਸ਼ਾਮਲ ਹੈ। ਜੇਡੀਯੂ ਨੇ ਜਾਮਾ ਖਾਨ ਨੂੰ ਦੁਬਾਰਾ ਮੰਤਰੀ ਨਿਯੁਕਤ ਕੀਤਾ ਹੈ। ਜਦਕਿ ਭਾਜਪਾ ਤੋਂ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ ਇਨ੍ਹਾਂ ‘ਚ ਅਸ਼ੋਕ ਚੌਧਰੀ, ਸੁਨੀਲ ਕੁਮਾਰ, ਵਿਜੇਂਦਰ ਯਾਦਵ, ਸ਼ਰਵਣ ਕੁਮਾਰ, ਵਿਜੇ ਚੌਧਰੀ, ਮਦਨ ਸਾਹਨੀ, ਲਖੇਂਦਰ ਪਾਸਵਾਨ, ਸ਼੍ਰੇਅਸੀ ਸਿੰਘ, ਅਰੁਣ ਸ਼ੰਕਰ ਪ੍ਰਸਾਦ, ਰਾਮ ਕ੍ਰਿਪਾਲ ਯਾਦਵ, ਜਾਮਾ ਖਾਨ, ਸੰਜੇ ਟਾਈਗਰ, ਉਪੇਂਦਰ ਕੁਸ਼ਵਾਹਾ ਦੇ ਪੁੱਤਰ ਦੀਪਕ ਪ੍ਰਕਾਸ਼ ਨੇ ਸਹੁੰ ਚੁੱਕੀ।

ਇਸ ਸਹੁੰ ਚੁੱਕ ਸਮਾਗਮ ‘ਚ ਹਰਿਆਣਾ, ਅਸਾਮ, ਗੁਜਰਾਤ, ਮੇਘਾਲਿਆ, ਉੱਤਰ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਚਿਰਾਗ ਪਾਸਵਾਨ ਨੇ ਮੰਚ ‘ਤੇ ਮਾਂਝੀ ਅਤੇ ਜੇ.ਪੀ. ਨੱਡਾ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।