ਪਟਨਾ, 7 ਜਨਵਰੀ

ਬਿਹਾਰ ਵਿੱਚ ਜਾਤੀ ਅਧਾਰਤ ਸਰਵੇਖਣ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਸਾਰੇ 38 ਜ਼ਿਲ੍ਹਿਆਂ ਵਿੱਚ ਦੋ ਪੜਾਵਾਂ ਵਿੱਚ ਜਾਤੀ ਅਧਾਰਤ ਸਰਵੇਖਣ ਕਰਵਾਇਆ ਜਾਵੇਗਾ। ਪਹਿਲੇ ਪੜਾਅ ਵਿੱਚ, ਜੋ 21 ਜਨਵਰੀ ਤੱਕ ਖਤਮ ਹੋ ਜਾਵੇਗਾ, ਰਾਜ ਦੇ ਸਾਰੇ ਘਰਾਂ ਦੀ ਗਿਣਤੀ ਕੀਤੀ ਜਾਵੇਗੀ। ਸਰਵੇਖਣ ਦਾ ਦੂਜਾ ਪੜਾਅ, ਜੋ 1 ਤੋਂ 30 ਅਪਰੈਲ ਤੱਕ ਹੋਣ ਦੀ ਸੰਭਾਵਨਾ ਹੈ, ’ਚ ਸਾਰੀਆਂ ਜਾਤਾਂ, ਉਪ-ਜਾਤੀਆਂ ਦੀ ਸਮਾਜਿਕ-ਆਰਥਿਕ ਸਥਿਤੀ ਨਾਲ ਸਬੰਧਤ ਅੰਕੜੇ ਇਕੱਤਰ ਕੀਤੇ ਜਾਣਗੇ। ਜਾਤੀ ਜਨਗਣਨਾ ਦਾ ਫੈਸਲਾ ਬਿਹਾਰ ਮੰਤਰੀ ਮੰਡਲ ਨੇ ਪਿਛਲੇ ਸਾਲ 2 ਜੂਨ ਨੂੰ ਲਿਆ ਸੀ। ਸਰਵੇਖਣ ਵਿੱਚ 38 ਜ਼ਿਲ੍ਹਿਆਂ ਵਿੱਚ 2.58 ਕਰੋੜ ਪਰਿਵਾਰਾਂ ਦੀ 12.70 ਕਰੋੜ ਦੀ ਅਨੁਮਾਨਿਤ ਆਬਾਦੀ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਵਿੱਚ 534 ਬਲਾਕ ਅਤੇ 261 ਸ਼ਹਿਰੀ ਸਥਾਨਕ ਸੰਸਥਾਵਾਂ ਹਨ। ਇਹ ਸਰਵੇਖਣ 31 ਮਈ, 2023 ਤੱਕ ਪੂਰਾ ਕਰ ਲਿਆ ਜਾਵੇਗਾ।