ਪਣਜੀ, 16 ਜੂਨ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਵਿਧਾਨ ਸਭਾਵਾਂ ਤੇ ਸੰਸਦ ਵਿਚ ਲੰਮੀਆਂ ਤੇ ਡੂੰਘੀਆਂ ਚਰਚਾਵਾਂ ਬਿਹਤਰ ਕਾਨੂੰਨ ਘੜਨ ਵਿਚ ਸਹਾਈ ਹੁੰਦੀਆਂ ਹਨ। ਸਪੀਕਰ ਬਿਰਲਾ ਅੱਜ ਗੋਆ ਵਿਧਾਨ ਸਭਾ ’ਚ ‘ਵਿਕਸਿਤ ਭਾਰਤ 2047’ ਦੇ ਨਾਂ ਹੇਠ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਵਿਰੋਧੀ ਪਾਰਟੀਆਂ ਨੇ ਹਾਲਾਂਕਿ ਇਸ ਸਮਾਗਮ ਦਾ ਬਾਈਕਾਟ ਕੀਤਾ। ਬਾਈਕਾਟ ਕਰਨ ਵਾਲੀਆਂ ਪਾਰਟੀਆਂ ਵਿਚ ਕਾਂਗਰਸ ਤੋਂ ਇਲਾਵਾ ‘ਆਪ’, ਗੋਆ ਫਾਰਵਰਡ ਪਾਰਟੀ ਤੇ ‘ਆਰਜੀਪੀ’ ਦੇ ਮੈਂਬਰ ਸ਼ਾਮਲ ਸਨ। ਕਾਂਗਰਸ ਨੇ ਸਵਾਲ ਉਠਾਇਆ ਕਿ ਕਿਉਂ ਬਿਰਲਾ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ’ਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ (ਰਾਹੁਲ) ਨੂੰ ਆਪਣਾ ਪੱਖ ਨਹੀਂ ਰੱਖਣ ਦੇ ਰਹੇ ਹਨ। ਬਿਰਲਾ ਨੇ ਹਾਜ਼ਰ ਵਿਧਾਇਕਾਂ ਨੂੰ ਕਿਹਾ ਕਿ ਵਿਆਪਕ ਤੇ ਢੁੱਕਵੀਂ ਚਰਚਾ ਤੋਂ ਬਾਅਦ ਕਾਨੂੰਨ ਪਾਸ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵਿਧਾਨ ਸਭਾਵਾਂ ਤੇ ਸੰਸਦ ਵਿਚ ਚਰਚਾਵਾਂ ਗੈਰ-ਸਿਆਸੀ ਤੇ ਗੈਰ-ਪੱਖਪਾਤੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘ਕਈ ਵਾਰ ਮੈਂ ਮਹਿਸੂਸ ਕੀਤਾ ਹੈ ਕਿ ਲੋਕ ਮੁੱਦਿਆਂ ’ਤੇ ਚਰਚਾ ਕਰਨ ਦੀ ਬਜਾਏ ਤੇ ਹੱਲ ਲੱਭਣ ਦੀ ਥਾਂ, ਹਰ ਚੀਜ਼ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’ ਸਪੀਕਰ ਨੇ ਕਿਹਾ ਕਿ ਸਹਿਮਤੀ ਤੇ ਅਸਹਿਮਤੀ ਭਾਰਤ ਦੇ ਲੋਕਤੰਤਰ ਦਾ ਸਾਰ-ਤੱਤ ਹੈ। ਓਮ ਬਿਰਲਾ ਨੇ ਕਿਹਾ, ‘ਇਹ ਸਾਡੇ ਲੋਕਤੰਤਰ ਦੀ ਖਾਸੀਅਤ ਹੈ ਕਿ ਅਸੀਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਸਕਦੇ ਹਾਂ।’ ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਸਦਨ ਵਿਚ ਹੋਣ ਵਾਲੀ ਚਰਚਾ ਲੋਕਾਂਂ ਦੀਆਂ ਇੱਛਾਵਾਂ ਦੀ ਨੁਮਾਇੰਦਗੀ ਕਰਦੀ ਹੋਵੇ।