ਪੇਈਚਿੰਗ,
ਯੂਐੱਸ ਓਪਨ ਜੇਤੂ ਬਿਆਂਕਾ ਆਂਦਰੀਸਕੂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਅੱਜ ਚਾਈਨਾ ਓਪਨ ਦੇ ਪਹਿਲੇ ਗੇੜ ਵਿੱਚ ਬੇਲਾਰੂਸ ਦੀ ਅਲੈਗਜੈਂਡਰ ਸਾਸਨੋਵਿਚ ਨੂੰ ਹਰਾ ਕੇ ਲਗਾਤਾਰ 14ਵੀਂ ਜਿੱਤ ਦਰਜ ਕੀਤੀ। ਕੈਨੇਡਾ ਦੀ 19 ਸਾਲ ਦੀ ਖਿਡਾਰਨ ਨੇ ਸਾਸਨੋਵਿਚ ਨੂੰ 6-2, 2-6, 6-1 ਨਾਲ ਸ਼ਿਕਸਤ ਦਿੱਤੀ।
ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਨੂੰ ਹਾਲਾਂਕਿ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਰੂਸ ਦੀ ਐਕਾਤਰਿਨਾ ਅਲੈਕਜ਼ੈਂਡਰੋਵਾ ਨੇ ਰੋਮਾਨੀਆ ਦੀ ਪੰਜਵਾਂ ਦਰਜਾ ਪ੍ਰਾਪਤ ਖਿਡਾਰਨ ਨੂੰ 64 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 6-2, 6-3 ਨਾਲ ਹਰਾਇਆ। ਮੈਚ ਦੌਰਾਨ 28 ਸਾਲ ਦੀ ਹਾਲੇਪ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਸੀ। ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਨੂੰ ਇਸ ਦਰਦ ਕਾਰਨ ਬੁੱਧਵਾਰ ਨੂੰ ਵੁਹਾਨ ਵਿੱਚ ਟੂਰਨਾਮੈਂਟ ਦੇ ਤੀਜੇ ਗੇੜ ’ਚੋਂ ਬਾਹਰ ਹੋਣਾ ਪਿਆ ਸੀ। ਦੂਜੇ ਪਾਸੇ ਮੌਜੂਦਾ ਚੈਂਪੀਅਨ ਕੈਰੋਲਾਈਨ ਵੋਜ਼ਨਿਆਕੀ ਨੇ ਅਮਰੀਕਾ ਦੀ ਲੌਰੀਨ ਡੇਵਿਸ ਨੂੰ 6-1, 6-3 ਨਾਲ ਹਰਾ ਕੇ ਖ਼ਿਤਾਬ ਬਚਾਉਣ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ।