ਨਵੀਂ ਦਿੱਲੀ, 9 ਦਸੰਬਰ
ਐੱਨਬੀਏ ਟੀਮ ਵਿੱਚ ਸ਼ਾਮਲ ਹੋਇਆ ਪਹਿਲਾ ਭਾਰਤੀ ਖਿਡਾਰੀ ਸਤਨਾਮ ਸਿੰਘ ਭਾਮਰਾ ਪਿਛਲੇ ਮਹੀਨੇ ਡੋਪਿੰਗ ਟੈਸਟ ’ਚ ਫੇਲ੍ਹ ਰਿਹਾ ਜਿਸ ਤੋਂ ਬਾਅਦ ਕੌਮੀ ਡੋਪਿੰਗ ਵਿਰੋਧੀ ਏਜੰਸੀ ਨੇ ਉਸ ਨੂੰ ਅਸਥਾਈ ਤੌਰ ’ਤੇ ਮਅੱਤਲ ਕਰ ਦਿੱਤਾ ਹੈ।
ਪੰਜਾਬ ਦਾ ਇਹ 23 ਸਾਲਾਂ ਦਾ ਖਿਡਾਰੀ 2015 ਵਿੱਚ ਐੱਨਬੀਏ ਟੀਮ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਖਿਡਾਰੀ ਸੀ ਪਰ ਉਹ ਦੱਖਣੀ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਲਈ ਲਗਾਏ ਗਏ ਕੈਂਪ ਦੌਰਾਨ ਨਾਡਾ ਵੱਲੋਂ ਬੰਗਲੌਰ ’ਚ ਟੂਰਨਾਮੈਂਟ ਦੇ ਬਾਹਰ ਹੋਏ ਟੈਸਟ ਵਿਚ ਫੇਲ੍ਹ ਰਿਹਾ। ਨਾਡਾ ਵੱਲੋਂ ਜਾਰੀ ਮੈਗਜ਼ੀਨ ਅਨੁਸਾਰ ਉਸ ਨੂੰ 19 ਨਵੰਬਰ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ। ਭਾਮਰਾ ਨੇ ਨਿੱਜੀ ਕਾਰਨਾਂ ਕਰ ਕੇ ਪਹਿਲੀ ਦਸੰਬਰ ਤੋਂ ਸ਼ੁਰੂ ਹੋਏ 13ਵੇਂ ਦੱਖਣੀ ਏਸ਼ਿਆਈ ਖੇਡਾਂ (ਸੈਗ) ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। 7 ਫੁੱਟ 2 ਇੰਚ ਦਾ ਇਹ ਖਿਡਾਰੀ ਸੈਗ ਲਈ ਬੰਗਲੌਰ ਦੇ ਸਾਈ ਸੈਂਟਰ ਵਿੱਚ ਟਰੇਨਿੰਗ ਕਰ ਰਿਹਾ ਸੀ। ਭਾਮਰਾ ਦੇ ਪਿਸ਼ਾਬ ਦੇ ‘ਏ’ ਨਮੂਨੇ ’ਚ ਪਾਏ ਗਏ ਪਾਬੰਦੀਸ਼ੁਦਾ ਪਦਾਰਥ ਦਾ ਪਤਾ ਨਹੀਂ ਲੱਗਿਆ ਹੈ। ਨਾਡਾ ਦੇ ਨਿਯਮਾਂ ਅਨੁਸਾਰ ਇਕ ਅਥਨੀਟ ਕੋਲ ‘ਏ’ ਨਮੂਨੇ ਦਾ ਨੋਟਿਸ ਮਿਲਣ ਦੇ ਸੱਤ ਦਿਨਾਂ ਅੰਦਰ ‘ਬੀ’ ਨਮੂਨੇ ਦੀ ਜਾਂਚ ਕਰਾਉਣ ਦਾ ਅਧਿਕਾਰ ਹੈ। ਜੇਕਰ ‘ਬੀ’ ਨਮੂਨਾ ਵੀ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਮਲੇ ਦੀ ਸੁਣਵਾਈ ਨਾਡਾ ਦੇ ਡੋਪਿੰਗ ਵਿਰੋਧੀ ਅਨੁਸ਼ਾਸਨਾਤਮਕ ਪੈਨਲ ਵੱਲੋਂ ਹੁੰਦੀ ਹੈ ਜੋ ਫ਼ੈਸਲਾ ਕਰਦਾ ਹੈ ਕਿ ਸਜ਼ਾ ਦਿੱਤੀ ਜਾਵੇ ਜਾਂ ਨਹੀਂ। ਜੇਕਰ ਭਾਮਰਾ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ’ਤੇ ਪਹਿਲੀ ਵਾਰ ਡੋਪਿੰਗ ’ਚ ਸਕਾਰਾਤਮਕ ਪਾਏ ਜਾਣ ਲਈ ਜ਼ਿਆਦਾ ਤੋਂ ਜ਼ਿਆਦਾ ਚਾਰ ਸਾਲਾਂ ਦੀ ਰੋਕ ਲੱਗ ਸਕਦੀ ਹੈ। ਬਿਆਨ ਅਨੁਸਾਰ ਭਾਮਰਾ ਨੂੰ ਨਾਡਾ ਤੋਂ 11 ਨਵੰਬਰ ਨੂੰ ਨੋਟਿਸ ਮਿਲਿਆ ਕਿ ਉਹ ਪਾਬੰਦੀਸ਼ੁਦਾ ਪਦਾਰਥ ਸਬੰਧੀ ਡੋਪ ਟੈਸਟ ’ਚ ਫੇਲ੍ਹ ਹੋ ਗਿਆ ਹੈ। ਉੱਧਰ, ਭਾਮਰਾ ਇਸ ਤੋਂ ਸਹਿਮਤ ਨਹੀਂ ਹੈ ਅਤੇ ਉਸ ਨੇ ਨਾਡਾ ਏਡੀਡੀਪੀ ਕੋਲ ਸੁਣਵਾਈ ਦੀ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਭਾਮਰਾ ਨੇ ‘ਬੀ’ ਨਮੂਨੇ ਦੇ ਟੈਸਟ ਲਈ ਨਹੀਂ ਪੁੱਛਿਆ ਹੈ ਅਤੇ ਸਿੱਧੇ ਹੀ ਏਡੀਡੀਪੀ ਦਾ ਰੁਖ਼ ਕੀਤਾ ਹੈ। ਭਾਰਤੀ ਬਾਸਕਟਬਾਲ ਫੈਡਰੇਸ਼ਨ ਦੇ ਚੰਦਰਮੁਖੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਮਰਾ ਦੇ ਡੋਪਿੰਗ ਟੈਸਟ ’ਚ ਫੇਲ੍ਹ ਹੋਣ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਸ਼ਹਿਰ ਤੋਂ ਬਾਹਰ ਹਨ।