ਪ੍ਰਯਾਗਰਾਜ (ਉੱਤਰ ਪ੍ਰਦੇਸ਼), 17 ਸਤੰਬਰ

ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਬਾਲਗਾਂ ਨੂੰ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦਾ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਅਦਾਲਤ ਨੇ ਇਹ ਟਿੱਪਣੀ ਗੋਰਖਪੁਰ ਦੇ ਵੱਖਰੇ ਧਰਮਾਂ ਦੇ ਜੋੜੇ ਨੂੰ ਸੁਰੱਖਿਆ ਦਿੰਦੇ ਹੋਏ ਕੀਤੀ। ਅਦਾਲਤ ਨੇ ਅੱਗੇ ਕਿਹਾ,‘ਅਜਿਹੇ ਮਾਮਲੇ ਵਿੱਚ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦੇ ਰਿਸ਼ਤੇ ’ਤੇ ਇਤਰਾਜ਼ ਨਹੀਂ ਕਰ ਸਕਦੇ।’ ਸ਼ਿਫਾ ਹਸਨ ਅਤੇ ਉਸ ਦੇ ਹਿੰਦੂ ਸਾਥੀ ਵੱਲੋਂ ਸਾਂਝੇ ਤੌਰ ’ਤੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਮਨੋਜ ਕੁਮਾਰ ਗੁਪਤਾ ਅਤੇ ਜਸਟਿਸ ਦੀਪਕ ਵਰਮਾ ਦੀ ਡਿਵੀਜ਼ਨ ਬੈਂਚ ਨੇ ਕਿਹਾ, ‘ਇਸ ਗੱਲ ’ਤੇ ਕੋਈ ਵਿਵਾਦ ਨਹੀਂ ਕੀਤਾ ਜਾ ਸਕਦਾ ਕਿ ਦੋ ਬਾਲਗਾਂ ਨੂੰ ਆਪਣੇ ਵਿਆਹੁਤਾ ਸਾਥੀ ਦੀ ਚੋਣ ਕਰਨ ਦਾ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ।’