ਕਰਨਾਲ, 17 ਦਸੰਬਰ
ਬਾਬਾ ਰਾਮ ਸਿੰਘ ਜਿਨ੍ਹਾਂ ਨੇ ਬੁੱਧਵਾਰ ਨੂੰ ਸਿੰਘੂ ਸਰਹੱਦ ’ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਦੀ ਮਿ੍ਤਕ ਦੇਹ ਕਰਨਾਲ ਦੇ ਸਿੰਘੜਾ ਪਿੰਡ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਵਿੱਚ ਰੱਖੀ ਗਈ ਹੈ ਜਿਥੇ ਸ਼ਰਧਾਲੂ ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਸ਼ਰਧਾਂਜਲੀਆਂ ਭੇਟ ਕਰ ਸਕਣਗੇ। ਉਨ੍ਹਾਂ ਦਾ ਸਸਕਾਰ ਸ਼ੁਕਰਵਾਰ ਨੂੰ ਕੀਤਾ ਜਾਵੇਗਾ। ਵੱਡੀ ਗਿਣਤੀ ਸ਼ਰਧਾਲੂਆਂ ਨੂੰ ਦੇਖਦਿਆਂ ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਪੁਲੀਸ ਤਾਇਨਾਤ ਹੈ। 65 ਸਾਲਾ ਸੰਤ ਪੰਜਾਬੀ ਵਿੱਚ ਲਿਖਿਆ ਇਕ ਨੋਟ ਛੱਡ ਗਏ ਹਨ ਜਿਸ ਵਿੱਚ ਲਿਖਿਆ ਹੈ ਕਿ ਉਹ ਕਿਸਾਨਾਂ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਦੇ। ਪੁਲੀਸ ਇਸ ਨੋਟ ਦੀ ਜਾਂਚ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸੰਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਗੁਰਦੁਆਰੇ ਪੁੱਜੇ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਬਾਬਾ ਰਾਮ ਸਿੰਘ ਇਕ ਮਹਾਨ ਆਤਮਾ ਸਨ ਤੇ ਉਨ੍ਹਾਂ ਆਪਣੀ ਜ਼ਿੰਦਗੀ ਸਮਾਜ ਲਈ ਬਲਿਦਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਦੁੱਖ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ, ‘‘ ਮੈਂ ਹੈਰਾਨ ਹਾਂ ਕਿ ਕੇਂਦਰ ਸਰਕਾਰ ਹਾਲੇ ਵੀ ਆਪਣੇ ਸਟੈਂਡ ’ਤੇ ਅੜੀ ਹੋਈ ਹੈ। ਹੁਣ ਤਕ 30 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਪਣੀ ਹਉਮੈ ਛੱਡ ਕੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ’’ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੀ ਕਿਸਾਨਾਂ ਦੀਆਂ ਮੰਗਾਂ ਨਾ ਸੁਣਨ ਲਈ ਆਲੋਚਨਾ ਕੀਤੀ। ਵਿਧਾਇਕ ਵਿਕਰਮ ਸਿੰਘ ਮਜੀਠੀਆ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।