ਰਈਆ, 11 ਅਗਸਤ

ਬਾਬਾ ਬਕਾਲਾ ਦੇ ਵਿਧਾਇਕ ਵਲੋਂ ਪੰਜਾਬ ਟਰਾਂਸਪੋਰਟ ਵਿਭਾਗ ਤੋਂ ਬਿਨਾਂ ਰਜਿਸਟਰੇਸ਼ਨ ਕਰਵਾਏ ਪਿਛਲੇ ਕਈ ਦਿਨਾਂ ਤੋਂ ਫਾਰਚੂਨਰ ਗੱਡੀ ’ਤੇ ਨੰਬਰ ਪਲੇਟ ਲਾ ਕੇ ਆਪਣੀ ਹੀ ਸਰਕਾਰ ਦਾ ਮਖੌਲ ਉਡਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ ਤੋਂਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿਛਲੇ ਦਿਨੀਂ ਇਕ ਫਾਰਚੂਨਰ ਗੱਡੀ ਖ਼ਰੀਦੀ ਸੀ, ਜਿਸ ਉਪਰ ਨੰਬਰ ਪਲੇਟ ’ਤੇ ਪੀ ਬੀ 02 ਈ ਐੱਚ 0039 ਅਤੇ ਪੰਜਾਬ ਸਰਕਾਰ ਲਿਖਿਆ ਹੋਇਆ ਹੈ। ਭਾਰਤ ਸਰਕਾਰ ਦੇ ਰੋਡ ਤੇ ਟਰਾਂਸਪੋਰਟ ਮੰਤਰਾਲੇ ਦੀ ਵੈੱਬਸਾਈਟ ’ਤੇ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਹ ਨੰਬਰ ਅੱਜ ਤੱਕ ਕਿਸੇ ਦੇ ਨਾਮ ’ਤੇ ਜਾਰੀ ਨਹੀਂ ਕੀਤਾ ਗਿਆ। ਉਧਰ, ਇਸ ਸਬੰਧੀ ਪੁੱਛੇ ਜਾਣ ’ਤੇ ਆਰਟੀਓ ਅੰਮ੍ਰਿਤਸਰ ਅਰਸਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਹੁਣ ਤੱਕ ਪੀ ਬੀ 02 ਈ ਐੱਚ 0039 ਨੰਬਰ ਕਿਸੇ ਨੂੰ ਅਲਾਟ ਨਹੀਂ ਹੋਇਆ ਹੈ ਤੇ ਨਾ ਹੀ ਕਿਸੇ ਨੇ ਇਸ ਨੰਬਰ ਦੀ ਮੰਗ ਕੀਤੀ ਹੈ। ਇਸ ਕਰਕੇ ਇਹ ਨੰਬਰ ਲਾ ਕੇ ਗੱਡੀ ਚਲਾਉਣਾ ਕਾਨੂੰਨ ਦੀ ਉਲੰਘਣਾ ਹੈ ਤੇ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨਗੇ। ਵਿਧਾਇਕ ਦਲਬੀਰ ਸਿੰਘ ਟੌਂਗ ਦਾ ਇਸ ਸਬੰਧੀ ਕਹਿਣਾ ਹੈ ਕਿ ਇਹ ਗੱਡੀ ਉਨ੍ਹਾਂ ਦੇ ਨਾਂ ਉਪਰ ਹੈ ਅਤੇ ਸਾਰੇ ਟੈਕਸ ਭਰੇ ਹੋਏ ਹਨ ਪਰ ਟਰਾਂਸਪੋਰਟ ਵਿਭਾਗ ਵੱਲੋਂ ਨੰਬਰ ਕਿਸੇ ਨੂੰ ਜਾਰੀ ਨਾ ਕੀਤੇ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਸਿਰਫ ਟੈਕਸ ਭਰੇ ਹੋਣ ਦਾ ਹੀ ਹਵਾਲਾ ਦਿੱਤਾ।