ਬਠਿੰਡਾ, 15 ਮਈ
ਬਾਦਲ ਜੋੜੀ ਨੇ ਅੱਜ ਬਠਿੰਡਾ ਵਿੱਚ ਏਮਜ਼ ਉਸਾਰੀ ਵਿੱਚ ਅੜਿੱਕਿਆਂ ਅਤੇ ਖ਼ਾਲੀ ਖ਼ਜ਼ਾਨੇ ਦੇ ਮੁੱਦੇ ’ਤੇ ਆਪਣੇ ਸਿਆਸੀ ਸਰੀਕ ਨੂੰ ਨਿਸ਼ਾਨੇ ’ਤੇ ਰੱਖਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਨਪ੍ਰੀਤ ਬਾਦਲ ਨੂੰ ਜੁਆਬ ਵਿੱਚ ਆਖਿਆ, ‘‘ਮਨਪ੍ਰੀਤ ਦੀ ਪੜ੍ਹਾਈ ਦੇ ਲੱਖ ਲਾਹਨਤ ਹੈ, ਜਿਸ ਨੂੰ ਏਨਾ ਨਹੀਂ ਪਤਾ ਕਿ ਕੇਂਦਰ ਨੇ ਪੈਸਾ ਜਾਰੀ ਕਰ ਦਿੱਤਾ ਹੈ ਅਤੇ ਹੁਣ ਏਮਜ਼ ਉਸਾਰੀ ਦੇ ਐਨਓਸੀ ਜਾਰੀ ਕਰਾਉਣੇ ਪੰਜਾਬ ਸਰਕਾਰ ਦਾ ਕੰਮ ਹੈ। ਮੈਨੂੰ ਅਨਪੜ੍ਹ ਦੱਸਦਾ ਹੈ ਤੇ ਖ਼ੁਦ ਨੂੰ ਪਤਾ ਨਹੀਂ ਕਿ ਏਦਾਂ ਦੇ ਅੜਿੱਕੇ ਦੂਰ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।’’
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਂਦਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਸੀ ਕਿ ਏਮਜ਼ ਦੇ ਰਾਹ ਵਿਚਲੇ ਅੜਿੱਕੇ ਪੰਜਾਬ ਸਰਕਾਰ ਦੂਰ ਨਹੀਂ ਕਰ ਰਹੀ। ਜੁਆਬ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਸੀ ਕਿ ਹਰਸਿਮਰਤ ਤਾਂ ਅਨਪੜ੍ਹਾਂ ਵਾਲੀ ਗੱਲ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਏਨੇ ਵੱਡੇ ਲੋਕ ਭਲਾਈ ਵਾਲੇ ਪ੍ਰੋਜੈਕਟ ਨੂੰ ਕਿਉਂ ਰੋਕੇਗੀ।
ਹਰਸਿਮਰਤ ਨੇ ਅੱਗੇ ਆਖਿਆ ਕਿ ਵਿੱਤ ਮੰਤਰੀ ਖ਼ਜ਼ਾਨਾ ਖ਼ਾਲੀ ਹੋਣ ਦੀ ਰੱਟ ਲਾਈ ਰੱਖਦੇ ਹਨ ਜਦੋਂਕਿ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਟੈਕਸਾਂ ’ਚੋਂ 42 ਫ਼ੀਸਦੀ ਹਿੱਸੇਦਾਰੀ ਦਿੱਤੀ ਹੈ, ਜੋ ਕਿ 600 ਕਰੋੜ ਰੁਪਏ ਬਣਦੀ ਹੈ।
ਇਸੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਬਠਿੰਡਾ ਵਿੱਚ ਜਨਤਕ ਸਮਾਗਮਾਂ ਮੌਕੇ ਮਨਪ੍ਰੀਤ ’ਤੇ ਨਿਸ਼ਾਨਾ ਲਾਉਂਦਿਆਂ ਆਖਿਆ ਕਿ ਖ਼ਾਲੀ ਖ਼ਜ਼ਾਨੇ ਦਾ ਰਾਗ ਅਲਾਪ ਕੇ ਮਨਪ੍ਰੀਤ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਹਨ। ਸੁਖਬੀਰ ਨੇ ਮਿਸਾਲ ਦਿੱਤੀ ਕਿ ਅਮਰੀਕਾ ਸਿਰ ਸਭ ਤੋਂ ਵੱਧ ਕਰਜ਼ਾ ਹੈ ਪਰ ਉਹ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਹੈ।
ਅੱਜ ਜਨਤਕ ਸਮਾਗਮਾਂ ਵਿੱਚ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੀ ਚਰਚਾ ਕੀਤਾ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਹੁਤੀ ਬੋਲਬਾਣੀ ਨਹੀਂ ਕੀਤੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਰਗੜੇ ਲਾਏ। ਉਨ੍ਹਾਂ ਆਖਿਆ ਕਿ ਕਰਜ਼ਾ ਮੁਆਫ਼ੀ ਤੇ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਰਜਿੰਦਰ ਕੌਰ ਭੱਠਲ ਦਾ ਕਰਜ਼ਾ ਮੁਆਫ਼ ਕਰ ਦਿੱਤਾ ਅਤੇ ਬੇਅੰਤ ਸਿੰਘ ਦੇ ਪੋਤੇ ਨੂੰ ਸਰਕਾਰੀ ਨੌਕਰੀ ਦੇ ਦਿੱਤੀ।
ਬਾਦਲਾਂ ਨੇ ਕੇਂਦਰ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਸਭ ਤੋਂ ਵੱਧ ਸੋਹਲੇ ਗਾਏ। ਭਾਵੇਂ ਅੱਜ ਸ੍ਰੀ ਗਡਕਰੀ ਦਾ ਬਠਿੰਡਾ ਦੌਰਾ ਰੱਦ ਹੋ ਗਿਆ ਪਰ ਅਕਾਲੀ ਦਲ ਨੇ ਸਮਾਗਮ ਦੌਰਾਨ ਗਡਕਰੀ ਨੂੰ ਵਾਰ-ਵਾਰ ਯਾਦ ਕੀਤਾ।