ਲੰਬੀ, ਬਠਿੰਡਾ ’ਤੇ ਜਿੱਤ-ਹਾਰ ਵਿੱਚ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਹਲਕੇ ਦੇ ਵੋਟ ਵਜ਼ਨ ਦੀ ਅਹਿਮ ਭੂਮਿਕਾ ਰਹੀ ਹੈ। ਪਿਛਲੇ ਦਹਾਕੇ ਤੋਂ ਲੰਬੀ ਦੇ 34-35 ਹਜ਼ਾਰ ਵੋਟਾਂ ਦੇ ਫ਼ਰਕ ਸਦਕਾ ਅਕਾਲੀ ਦਲ (ਬ) ਆਪਣੀ ਜਿੱਤ ਯਕੀਨੀ ਬਣਾਉਂਦਾ ਆ ਰਿਹਾ ਹੈ। ਇਸ ਵਾਰ ਬੇਅਦਬੀਆਂ ਖ਼ਿਲਾਫ਼ ਭਾਵਨਾਤਮਕ ਮਾਹੌਲ ’ਚ ਬਠਿੰਡਾ ਅਕਾਲੀਆਂ ਦਾ ਗੜ੍ਹ ਤੋੜਨ ਖਾਤਰ ਕਾਂਗਰਸ ਲੰਬੀ ਵਾਲਾ ਵੋਟ ਵਜ਼ਨ ਘਟਾਉਣ ਲਈ ਜੁਟੀ ਹੋਈ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਇਹ ਲਾਹਾ ਲੈਣ ਅਤੇ ਲੰਬੀ ’ਚ ਖੱਟੇ ਅੰਗੂਰਾਂ ਨੂੰ ਮਿੱਠਾ ਕਰਨ ਲਈ ਮਹੇਸ਼ਇੰਦਰ ਬਾਦਲ-ਗੁਰਮੀਤ ਖੁੱਡੀਆਂ ’ਤੇ ਨਿਗਾਹ ਲਗਾ ਰੱਖੀ ਹੈ।
ਦਸ ਸਾਲਾ ਵਿਕਾਸਮਈ ਮਾਹੌਲ ਸਿਰਜਣ ਲਈ ਹਰਸਿਮਰਤ ਕੌਰ ਬਾਦਲ ਦਾ ਹੱਥ ਹਾਲ ਦੀ ਘੜੀ ਉੱਪਰ ਦਿਖਾਈ ਜਾਪਦਾ ਹਨ। ਸਿਆਸੀ ਮਾਹਿਰਾਂ ਅਨੁਸਾਰ ਮੌਜੂਦਾ ਹਾਲਾਤ ਪੇਂਡੂ ਖਿੱਤੇ ਵਿੱਚ ਬੇਅਦਬੀਆਂ ਦਾ ਮਸਲਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਸਦਕਾ ਹੈ। ਪੰਥਕ ਸੋਚ ਵਾਲੇ ਸਿੱਖਾਂ ਦੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਬਰਕਰਾਰ ਜਾਪਦੀ ਹੈ। ਮਾਨਸਾ, ਮੌੜ ਅਤੇ ਬੁਢਲਾਡਾ ਆਦਿ ਹਲਕਿਆਂ ਦੀ ਸਿਰੜ ਅਤੇ ਜੁਝਾਰੂ ਸੋਚ ਜ਼ਮਾਨੇ ’ਚ ਕਿਸੇ ਤੋਂ ਲੁਕੀ ਨਹੀਂ ਹੈ। ਬਠਿੰਡਾ ਦੇ ਚੋਣ ਪਿੜ ’ਚ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਉਮੀਦਵਾਰ ਸੁਖਪਾਲ ਖਹਿਰਾ, ਬਰਗਾੜੀ ਮੋਰਚੇ ਵੱਲੋਂ ਗੁਰਦੀਪ ਸਿੰਘ ਬਠਿੰਡਾ, ਸੀਪੀਆਈ (ਐਮਐਲ) ਵੱਲੋਂ ਭਗਵੰਤ ਸਿੰਘ ਸਮਾਓਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਹਾਲ ਦੀ ਘੜੀ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਜੇ ਦਾ ਮੂੰਹ ਤੱਕ ਰਹੀਆਂ ਹਨ।
ਇਸ ਹਲਕੇ ’ਚ ਕਾਂਗਰਸ, ਅਕਾਲੀ ਦਲ (ਬ), ਪੀਡੀਏ, ਅਕਾਲੀ ਦਲ (ਟਕਸਾਲੀ) ਅਤੇ ‘ਆਪ’ ਦੇ ਡਟਣ ਦੀ ਸੂਰਤ ’ਚ ਮੁਕਾਬਲਾ ਚਹੁੰਕੋਣਾ ਜਾਂ ਪੰਜਕੋਣਾ ਹੋਣ ਦੀ ਸੰਭਾਵਨਾ ਹੈ। ਬਠਿੰਡਾ ਲੋਕ ਸਭਾ ਤੋਂ ਕਾਂਗਰਸ ਟਿਕਟ ਲਈ ਰਣਇੰਦਰ ਸਿੰਘ, ਗੁਰਮੀਤ ਖੁੱਡੀਆਂ, ਅਜੀਤਇੰਦਰ ਸਿੰਘ ਮੋਫ਼ਰ, ਮੋਹਿਤ ਮਹਿੰਦਰਾ ਅਤੇ ਸ਼ਰਨਜੀਤ ਕੌਰ ਦੇ ਨਾਂ ਚਰਚਾ ਵਿੱਚ ਹਨ।
ਲੰਬੀ ਦੇ ਵੋਟ ਵਜ਼ਨ ਸਦਕਾ ਅਕਾਲੀ ਦਲ ਬਠਿੰਡਾ ’ਚ ਲਗਾਤਾਰ ਦੋ ਜਿੱਤਾਂ ਦਰਜ ਕਰ ਚੁੱਕਿਆ ਹੈ। ਸੂਬੇ ’ਚ ਕਾਂਗਰਸੀ ਹਕੂਮਤ ਅਤੇ ਬੇਅਦਬੀਆਂ ਦੇ ਮਾਹੌਲ ਕਾਰਨ ਬਾਦਲਾਂ ਦੇ ਗੜ੍ਹ ਲੰਬੀ ’ਚ ਕਾਂਗਰਸ ਨੇ 60 ਪੰਚਾਇਤਾਂ ਜਿੱਤੀਆਂ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਤੋਂ ਟਿਕਟ ਮੰਗੀ ਹੋਈ ਹੈ।