ਤਪਾ ਮੰਡੀ, ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ‘ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦਾਂ ਤੇ ਪੰਚਾਇਤ ਸਮਿਤੀ ਚੋਣਾਂ ਆਮ ਆਦਮੀ ਪਾਰਟੀ (ਆਪ) ਆਪਣੇ ਚੋਣ ਨਿਸ਼ਾਨ ‘ਝਾੜੂ’ ’ਤੇ ਲੜੇਗੀ ਅਤੇ ਟਿਕਟਾਂ ਉਨ੍ਹਾਂ ਉਮੀਦਵਾਰਾਂ ਨੂੰ ਹੀ ਦਿੱਤੀਆਂ ਜਾਣਗੀਆਂ ਜਿਹੜੇ ਜਿੱਤਣ ਦੇ ਕਾਬਲ ਹੋਣਗੇ। ਉਨ੍ਹਾਂ ਇਹ ਖੁਲਾਸਾ ਅੱਜ ਇਥੇ ਇਕ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਮਗਰੋਂ ਕੀਤਾ। ‘ਆਪ’ ਦੇ ਏਕੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਾਲਾ ਧੜਾ ਏਕੇ ਪ੍ਰਤੀ ਸੰਜੀਦਾ ਨਹੀਂ ਹੈ। ਉਹ ਬੈਠ ਕੇ ਗੱਲ ਕਰਨ ਦੀ ਬਜਾਏ ਅਖ਼ਬਾਰੀ ਬਿਆਨਾਂ ਰਾਹੀਂ ਹੀ ਏਕੇ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਉਨ੍ਹਾਂ ਕਦੇ ਕੋਈ ਬਿਆਨ ਨਹੀਂ ਦਿੱਤਾ। ਸਗੋਂ ਇਹ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ਹਿਰਾ ਨੇ ਪਾਰਟੀ ਵਿਰੋਧੀ ਕਾਰਵਾਈਆਂ ਇਸੇ ਤਰ੍ਹਾਂ ਜਾਰੀ ਰੱਖੀਆਂ ਤਾਂ ਅਨੁਸ਼ਾਸਨੀ ਕਮੇਟੀ ਨੂੰ ਕੋਈ ਸਖ਼ਤ ਕਦਮ ਉਠਾਉਣਾ ਪੈ ਸਕਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਐੱਚਐੱਸ ਫੂਲਕਾ ਦਾ ਅਸਤੀਫੇ ਵਾਲਾ ਬਿਆਨ, ਉਨ੍ਹਾਂ ਦਾ ਜਜ਼ਬਾਤੀ ਤੇ ਨਿੱਜੀ ਮਾਮਲਾ ਹੈ, ਕਿਉਂਕਿ ਪਾਰਟੀ ਨਾਲ ਉਨ੍ਹਾਂ ਕੋਈ ਸਲਾਹ ਨਹੀਂ ਕੀਤੀ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਬਹਿਬਲ ਕਲਾਂ ਤੇ ਬਰਗਾੜੀ ਦੀਆਂ ਘਟਨਾਵਾਂ ਸਬੰਧੀ ਉਨ੍ਹਾਂ ਆਖਿਆ ਕਿ ਬੇਅਦਬੀ ਲਈ ਤਤਕਾਲੀ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਡੀਜ਼ੀਪੀ ਜ਼ਿੰਮੇਵਾਰ ਹਨ। ਵਿਧਾਨ ਸਭਾ ’ਚ ਸਰਬਸੰਮਤੀ ਨਾਲ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਪ੍ਰਸਤਾਵ ਪਾਸ ਹੋ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਅ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਨਜਿੱਠਣ ਵਿੱਚ ਬਹੁਤੀ ਦੇਰ ਨਹੀਂ ਲੱਗਦੀ ਪਰ ਕੈਪਟਨ ਇਸ ਮਾਮਲੇ ਨੂੰ ਜਾਣ-ਬੁੱਝ ਕੇ ਲਮਕਾ ਰਹੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਬੇਰੁਜ਼ਗਾਰੀ, ਕਿਸਾਨ ਖੁਦਕੁਸ਼ੀਆਂ, ਕਰਜ਼ਾ ਮੁਆਫ਼ੀ ਤੇ ਨਸ਼ੇ ਵਰਗੇ ਗੰਭੀਰ ਮਸਲੇ ਵਿਸਾਰ ਦਿੱਤੇ ਹਨ।