ਮੋਗਾ/ਬਾਘਾਪੁਰਾਣਾ, ਬਾਘਾਪੁਰਾਣਾ ਵਿੱਚ ਸ਼ਹਿਰੀ ਚੋਣ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅਕਾਲੀਆਂ ਤੇ ਕਾਂਗਰਸੀਆਂ ਵਿੱਚ ਤਿੱਖੀਆਂ ਝੜਪਾਂ ਹੋਈਆਂ, ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ। ਅਕਾਲੀ ਉਮੀਦਵਾਰਾਂ ਨੇ ਹਾਕਮ ਧਿਰ ਦੇ ਆਗੂਆਂ ’ਤੇ ਨਾਮਜ਼ਦਗੀ ਪੱਤਰ ਪਾੜਨ ਦੇ ਦੋਸ਼ ਵੀ ਲਾਏ। ਇਸ ਦੌਰਾਨ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਧਰਮਕੋਟ ਵਿੱਚ ਅਕਾਲੀ ਉਮੀਦਵਾਰਾਂ ਨੇ ਐਨਓਸੀ ਜਾਰੀ ਨਾ ਕਰਨ ਦੇ ਮਾਮਲੇ ’ਤੇ ਕੌਂਸਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਬਾਘਾਪੁਰਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਖਿੱਚ-ਧੂਹ ਤੇ ਕੁੱਟਮਾਰ ਕਾਰਨ ਉਨ੍ਹਾਂ ਦਾ ਮੋਢਾ ਨਿਕਲ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਬਲਤੇਜ ਸਿੰਘ ਲੰਗੇਆਣਾ ਤੇ ਸ਼ਿਵ ਸ਼ਰਮਾ ਸਣੇ ਪਾਰਟੀ ਦੇ ਕਈ ਸਮਰਥਕਾਂ ਨੂੰ ਸੱਟਾਂ ਵੱਜੀਆਂ। ਪੁਲੀਸ ਨੇ ਸਥਿਤੀ ਕਾਬੂ ਵਿੱਚ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾ ਪਰ ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਲਾਠੀਚਾਰਜ ਨਹੀਂ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂਆਂ ਨੇ ਚੋਣ ਆਬਜ਼ਰਵਰ ਤੇਜਿੰਦਰ ਸਿੰਘ ਧਾਲੀਵਾਲ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਨੇ 2 ਦਸੰਬਰ ਨੂੰ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਐਲਾਨੇ ਉਮੀਦਵਾਰਾਂ ਨੇ ਨਗਰ ਕੌਂਸਲ ਦਫ਼ਤਰ ਵਿੱਚ ਐਨਓਸੀ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਦੇ ਕਥਿਤ ਇਸ਼ਾਰੇ ’ਤੇ ਕੌਂਸਲ ਅਧਿਕਾਰੀ ਇਹ ਸਰਟੀਫ਼ਿਕੇਟ ਜਾਰੀ ਕਰਨ ਤੋਂ ਟਾਲ-ਮਟੋਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਦੇ ਦਖ਼ਲ ਨਾਲ ਉਮੀਦਵਾਰਾਂ ਨੂੰ ਐਨਓਸੀ ਮਿਲਣ ਤੋਂ ਬਾਅਦ ਪੁਲੀਸ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖ਼ਲ ਕਰਨ ਤੋਂ ਰੋਕੀ ਰੱਖਿਆ ਤਾਂ ਸਥਿਤੀ ਵਿਗੜ ਗਈ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਤੇ ਨਾਮਜ਼ਦਗੀ ਪੱਤਰ ਪਾੜ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀਆਂ ਵੱਲੋਂ ਕੀਤੀ ਕੁੱਟਮਾਰ ਵਿੱਚ ਅਕਾਲੀ ਆਗੂ ਪਵਨ ਢੰਡ ਸਣੇ ਕਈ ਜਣੇ ਜ਼ਖ਼ਮੀ ਹੋ ਗਏ। ਇਸ ਮੌਕੇ ਯੂਥ ਕਾਂਗਰਸ ਦੇ ਕੌਮੀ ਆਗੂ ਤੇ ਪਾਰਟੀ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਅਕਾਲੀਆਂ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਕਾਲੀ ਆਪਣੀ ਹਾਰ ਦੇਖ ਕੇ ਝੂਠੇ ਦੋਸ਼ ਲਾ ਰਹੇ ਹਨ।
ਇੱਥੇ ਧਰਮਕੋਟ ਨਗਰ ਕੌਂਸਲ ਚੋਣ ਲਈ ਵੀ ਅਕਾਲੀ ਉਮੀਦਵਾਰਾਂ ਨੂੰ ਕੌਂਸਲ ਅਧਿਕਾਰੀਆਂ ਵੱਲੋਂ ਐਨਓਸੀ ਜਾਰੀ ਨਾ ਕਰਨ ਦੇ ਰੋਸ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਦੇ ਦਖ਼ਲ ਨਾਲ ਸਰਟੀਫ਼ਿਕੇਟ ਜਾਰੀ ਕੀਤੇ ਗਏ ਅਤੇ ਕਈ ਉਮੀਦਵਾਰਾਂ ਦੇ ਕੌਂਸਲ ਦਫ਼ਤਰ ’ਚੋਂ ਅਰਜ਼ੀਆਂ ਹੀ ਗਾਇਬ ਹੋ ਗਈਆਂ। ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਦੋਸ਼ ਲਾਇਆ ਕਿ ਹਾਕਮ ਧਿਰ ਧੱਕੇਸ਼ਾਹੀ ਨਾਲ ਸ਼ਹਿਰੀ ਚੋਣਾਂ ਜਿੱਤਣ ਲਈ ਹਰ ਹੀਲਾ ਵਰਤ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਯੂਥ ਅਕਾਲੀ ਆਗੂ ਪਰਮਿੰਦਰ ਡਿੰਪਲ, ਸਾਬਕਾ ਸਰਪੰਚ ਨਛੱਤਰ ਸਿੰਘ ਢੋਲਣੀਆਂ ਤੇ ਹਰਪ੍ਰੀਤ ਸਿੰਘ ਰਿੱਕੀ ਨੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਕਾਂਗਰਸੀ ਆਗੂਆਂ ਦਾ ਪੱਖ ਪੂਰ ਰਿਹਾ ਹੈ।