ਬਾਘਾ ਪੁਰਾਣਾ : ਬੁੱਧਵਾਰ ਬਾਅਦ ਦੁਪਹਿਰ ਲਗਪਗ 1 ਵਜੇ ਦੇ ਕਰੀਬ ਬਾਘਾ ਪੁਰਾਣਾ-ਮੁੱਦਕੀ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਹਾਦਸੇ ਵਿਚ ਛੋਟੇ ਬੱਚੇ ਸਮੇਤ ਸਾਰਾ ਪਰਿਵਾਰ ਮੌਤ ਦੇ ਮੂੰਹ ਵਿਚ ਚਲਾ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸੜ੍ਹ ਕੇ ਸੁਆਹ ਹੋ ਗਿਆ।
ਮੌਕੇ ’ਤੇ ਪੁੱਜੇ ਨੱਥੂਵਾਲਾ ਗਰਬੀ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿਚ ਬਾਘਾ ਪੁਰਾਣਾ ਤੋਂ ਆ ਰਹੀ ਇਕ ਬਰੀਜਾ ਕਾਰ ਨੇ ਮੋਟਰਸਾਈਕਲ ਨੂੰ ਪਿੱਛੇ ਤੋ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਚਾਰ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਪਿੰਡ ਨੱਥੂਵਾਲਾ ਗਰਬੀ ਦਾ ਵਸਨੀਕ ਹੈ ਅਤੇ ਉਹ ਸ਼ਰਾਬੀ ਹਾਲਤ ਵਿਚ ਕਾਰ ਤੇ ਸਵਾਰ ਹੋਕੇ ਆ ਰਿਹਾ ਸੀ ਅਤੇ ਬੀਅਰ ਦੀਆਂ ਬੋਤਲਾਂ ਵੀ ਉਨ੍ਹਾਂ ਨੇ ਕਾਰ ਵਿਚ ਪਈਆਂ ਹੋਈਆਂ ਦੱਸਿਆ। ਉਨ੍ਹਾਂ ਦੱਸਿਆ ਕਿ ਧਰਮਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਅਤੇ ਦੋ ਛੋਟੇ ਬੱਚੇ ਕਾਲਾ ਸਿੰਘ (3 ਸਾਲ) ਦੀ ਮੌਕੇ ’ਤੇ ਮੌਤ ਹੋ ਗਈ ਅਤੇ ਗੁਰਸ਼ਰਨ ਸਿੰਘ (ਉਮਰ ਤਕਰੀਬਨ 2 ਮਹੀਨੇ) ਦੀ ਹਸਪਤਾਲ ਜਾਕੇ ਮੌਤ ਹੋ ਗਈ।
ਮ੍ਰਿਤਕ ਪਰਿਵਾਰ ਦੇ ਮੈਂਬਰ ਪਿੰਡ ਜੈਮਲਵਾਲਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ ਤੇ ਮੋਟਰਸਾਈਕਲ ਤੇ ਸਵਾਰ ਹੋਕੇ ਪਿੰਡ ਜੈਮਲਵਾਲਾ ਨੂੰ ਆ ਰਹੇ ਸਨ ਤੇ ਇੱਥੇ ਆਕੇ ਇਹ ਕਾਰ ਚਾਲਕ ਨੇ ਸਾਰੇ ਪਰਿਵਾਰ ਨੂੰ ਮਾਰ ਮੁਕਾਇਆ। ਇੰਨਾ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਹੋਰ ਰਿਸ਼ਤੇਦਾਰਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਤੇ ਕਹਿ ਰਹੇ ਸਨ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਉਨਾ ਚਿਰ ਮ੍ਰਿਤਕ ਮੈਂਬਰਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ, ਜਿੰਨ੍ਹਾਂ ਚਿਰ ਦੋਸ਼ੀ ਵਿਅਕਤੀ ’ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਖ਼ਬਰ ਲਿਖੇ ਜਾਣ ਤੱਕ ਸੜਕ ਜਾਮ ਕਰਕੇ ਧਰਨਾ ਜਾਰੀ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ। ਐਕਸੀਡੈਂਟ ਇੰਨ੍ਹਾਂ ਭਿਆਨਕ ਸੀ ਅਤੇ ਮੋਟਰਸਾਈਕਲ ਸੜ੍ਹ ਕੇ ਸੁਆਹ ਹੋ ਗਿਆ ਅਤੇ ਕਾਰ ਦੂਰ ਖੇਤ ਵਿਚ ਜਾ ਕੇ ਡਿੱਗੀ।