ਲੁਧਿਆਣਾ, 7 ਜੁਲਾਈ

ਬਾਗ਼ੀ ਅਕਾਲੀ ਨੇਤਾਵਾਂ ਨੇ ਮੰਗਲਵਾਰ ਨੂੰ ਇਥੇ ਗੁਰਦੁਆਰੇ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ। ਉਧਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ‘ਗੈਰਕਾਨੂੰਨੀ ਅਤੇ ਧੋਖਾਧੜੀ’ ਕਰਾਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਸਾਲ ਫਰਵਰੀ ਵਿੱਚ ‘ਪਾਰਟੀ ਵਿਰੋਧੀ’ ਗਤੀਵਿਧੀਆਂ ਦੇ ਦੋਸ਼ ਹੇਠ ਸ਼੍ਰੋਮਣੀ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਇਨ੍ਹਾਂ ਨੇ ਦਲ ਤੋਂ ਵੱਖ ਹੋਏ ਕਈ ਨੇਤਾਵਾਂ ਨਾਲ ਹੱਥ ਮਿਲਾ ਲਿਆ। ਪ੍ਰਧਾਨਗੀ ਲਈ ਸ੍ਰੀ ਢੀਂਡਸਾਰ ਦੇ ਨਾਮ ਨੂੰ ਪੇਸ਼ ਕਰਦਿਆਂ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਕਾਨਫ਼ਰੰਸ ਵਿੱਚ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ‘ਹਟਾ’ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਪ੍ਰਧਾਨ ਢੀਂਡਸਾ ਅੰਮ੍ਰਿਤਸਰ ਵਿਖੇ ਪਾਰਟੀ ਦਫ਼ਤਰ ਤੋਂ ਕੰਮ ਕਰਨਗੇ। ਜਗਦੀਸ਼ ਸਿੰਘ ਗਰਚਾ ਅਤੇ ਹਰਜੀਤ ਕੌਰ ਤਲਵੰਡੀ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਹਰਜੀਤ ਕੌਰ ਪਾਰਟੀ ਦੇ ਸਾਬਕਾ ਪ੍ਰਧਾਨ ਮਰਹਨੂੰਮ ਜਗਦੇਵ ਸਿੰਘ ਤਲਵੰਡੀ ਦੀ ਧੀ ਹੈ। “ਜੋ ਬੋਲੇ ​​ਸੋ ਨਿਹਾਲ” ਦੇ ਜੈਕਾਰਿਆਂ ਦੌਰਾਨ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਇਸ ਮੌਕੇ ਸ੍ਰੀ ਢੀਂਡਸਾ ਨੇ ਕਿਹਾ ਕਿ ਪਾਰਟੀ ਸਿੱਖ ਰਾਜਨੀਤੀ ਦੇ ਧੁੰਦਲੇ ਹੋ ਚੁੱਕੇ ਸਿਧਾਂਤਾਂ ਨੂੰ ਮੁੜ ਸਥਾਪਤ ਕਰਨ ਅਤੇ ਸਿੱਖ ਸੰਸਥਾਵਾਂ ਨੂੰ “ਬਾਦਲ” ਦੇ ਪੰਜੇ ’ਚੋਂ ਛੁਡਾਉਣ ਲਈ ਕੋਸ਼ਿਸ਼ ਕਰੇਗੀ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਕਦਮ ਨੂੰ ‘ਗੈਰਕਾਨੂੰਨੀ ਅਤੇ ਧੋਖਾਧੜੀ’ ਕਰਾਰ ਦਿੱਤਾ ਅਤੇ ਬਰਖਾਸਤ ਕੀਤੇ ਗਏ ਨੇਤਾ ’ਤੇ ਕਾਂਗਰਸ ਲਈ ਕੰਮ ਕਰਨ ਦਾ ਦੋਸ਼ ਲਾਇਆ। ਸ੍ਰੀ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ, ਜੋ ਭਾਰਤ ਦੇ ਚੋਣ ਕਮਿਸ਼ਨ ਵਿਚ ਰਜਿਸਟਰਡ ਹੈ।