ਲਿਸਬਨ (ਪੁਰਤਗਾਲ), 24 ਅਗਸਤ
ਕਿੰਗਸਲੇ ਕੋਮੈਨ ਵੱਲੋਂ 59ਵੇਂ ਮਿੰਟ ਵਿੱਚ ਕੀਤੇ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਐਤਵਾਰ (ਭਾਰਤੀ ਸਮੇਂ ਅਨੁਸਾਰ ਸੋਮਵਾਰ ਵੱਡੇ ਤੜਕੇ) ਨੂੰ ਇਥੇ ਦਰਸ਼ਕਾਂ ਦੀ ਗੈਰਮੌਜੂਦਗੀ ਵਿੱਚ ਖੇਡੇ ਚੈਂਪੀਅਨਜ਼ ਲੀਗ ਫੁਟਬਾਲ ਦੇ ਪਹਿਲੇ ਫਾਈਨਲ ਵਿੱਚ ਪੈਰਿਸ ਸੇਂਟ ਜਰਮੇਟ (ਪੀਐੱਸਜੀ) ਨੂੰ 1-0 ਨਾਲ ਹਰਾ ਕੇ 6ਵੀਂ ਵਾਰ ਯੂਰੋਪੀਅਨ ਕੱਪ ਦਾ ਖਿਤਾਬ ਜਿੱਤ ਲਿਆ। ਬਾਇਰਨ ਦੀ ਚੈਂਪੀਅਨਜ਼ ਲੀਗ ਵਿੱਚ 2013 ਮਗਰੋਂ ਇਹ ਪਹਿਲੀ ਖਿਤਾਬੀ ਜਿੱਤ ਹੈ, ਜਦੋਂਕਿ ਪਿਛਲੇ ਨੌਂ ਸਾਲਾਂ ਵਿੱਚ ਖਿਡਾਰੀਆਂ ’ਤੇ ਇਕ ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਲਾਉਣ ਦੇ ਬਾਵਜੂਦ ਪੀਐੱਸਜੀ ਨੂੰ ਅਜੇ ਵੀ ਪਲੇਠੇ ਯੂਰੋਪੀਅਨ ਕੱਪ ਦੀ ਉਡੀਕ ਹੈ। ਪੀਐੱਸਜੀ ਨੇ ਨੇਮਾਰ, ਕਾਇਲਿਨ ਮਬਾਪੇ ਤੇ ਐਂਜੀ ਡੀ ਮਾਰੀਆ ਜਿਹੇ ਖਿਡਾਰੀਆਂ ’ਤੇ 50 ਕਰੋੜ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਹੈ।