ਵਸ਼ਿੰਗਟਨ, 7 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਸ ਦੇ ਸਮਰਥਕਾਂ ਉੱਤੇ ਚੋਣਾਂ ਨੂੰ ਲੈ ਕੇ ਝੂਠ ਬੋਲਣ ਅਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ। ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ਉੱਤੇ ਹੋਏ ਹਮਲੇ ਨੂੰ ਇਕ ਸਾਲ ਪੂਰਾ ਹੋਣ ’ਤੇ ਬਾਇਡਨ ਨੇ ਇਹ ਬਿਆਨ ਦਿੱਤਾ ਹੈ। ਜ਼ਿਕਰਯੋਗ ਹੈ ਕਿ 3 ਨਵੰਬਰ 2020 ਨੂੰ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੇ ਆਪਣੀ ਹਾਰ ਨਹੀਂ ਮੰਨੀ ਸੀ ਤੇ ਉਸ ਨੇ ਚੋਣਾਂ ਵਿੱਚ ਧੋਖਾਧੜੀ ਦੇ ਦੋਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ ਦੇ ਦਰਮਿਆਨ ਹੀ ਟਰੰਪ ਦੇ ਸਮਰਥਕਾਂ ਨੇ 6 ਜਨਵਰੀ 2021 ਵਿੱਚ ਸੰਸਦ ਭਵਨ ਵਿਚ ਕਥਿਤ ਤੌਰ ’ਤੇ ਹਿੰਸਾ ਕੀਤੀ ਸੀ। ਬਾਇਡਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਕ ਰਾਸ਼ਟਰਪਤੀ ਸਿਰਫ ਚੋਣਾਂ ਹੀ ਨਹੀਂ ਹਾਰਿਆ ਬਲਕਿ ਸੰਸਦ ਭਵਨ ਵਿੱਚ ਹਿੰਸਾ ਵੀ ਕਰਵਾਈ ਗਈ ਤੇ ਸ਼ਾਂਤੀਪੂਰਨ ਸੱਤਾ ਪਰਿਵਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।