ਵਾਸ਼ਿੰਗਟਨ, 23 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੈਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਜੰਗ ਪ੍ਰਭਾਵਿਤ ਦੇਸ਼ ਨੂੰ ਨਵੀਂ ਫੌਜੀ ਸਹਾਇਤਾ ਦੇ ਤੌਰ ’ਤੇ 32.5 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਅਤੇ ਰੂਸ ਦੇ ਹਮਲੇ ਤੋਂ ਉਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਵ੍ਹਾਈਟ ਹਾਊਸ ਵਿੱਚ ਵੀਰਵਾਰ ਨੂੰ ਹੋਈ ਮੀਟਿੰਗ ਦੋਹਾਂ ਆਗੂਆਂ ਵਿਚਾਲੇ ਛੇਵੀਂ ਨਿੱਜੀ ਮੁਲਾਕਾਤ ਸੀ। ਬਾਇਡਨ ਨੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਜ਼ੈਲੇਂਸਕੀ ਨੂੰ ਕਿਹਾ, ‘‘ਸ੍ਰੀਮਾਨ ਰਾਸ਼ਟਰਪਤੀ, ਯੂਕਰੇਨ ਦੇ ਬਹਾਦਰ ਲੋਕੋਂ —ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯੂਕਰੇਨ ਦੇ ਲੋਕਾਂ ਨੇ ਕਾਫੀ ਬਹਾਦਰੀ ਦਿਖਾਈ ਹੈ ਅਤੇ ਇਨ੍ਹਾਂ ਸਿਧਾਂਤਾਂ ਦੀ ਰੱਖਿਆ ਕਰਨ ਦੇ ਆਪਣੇ ਦ੍ਰਿੜ੍ਹ ਸੰਕਲਪ ਨਾਲ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ।’’ ਜ਼ੈਲੇਂਸਕੀ ਨੇ ਕਿਹਾ, ‘‘ਸਾਡੀ ਨਿਯਮਤ ਗੱਲਬਾਤ ਤੋਂ ਇਹ ਸਾਬਿਤ ਹੋਇਆ ਹੈ ਕਿ ਸਾਡੇ ਦੇਸ਼ ਸਹਿਯੋਗੀ ਤੇ ਰਣਨੀਤਕ ਦੋਸਤ ਹਨ। ਅਸੀਂ ਰੂਸ ਦੇ ਅਤਿਵਾਦ ਤੋਂ ਨਿਪਟਣ ਲਈ ਯੂਕਰੇਨ ਨੂੰ ਅਮਰੀਕਾ ਵੱਲੋਂ ਦਿੱਤੀ ਸਹਾਇਤਾ ਦੀ ਸ਼ਲਾਘਾ ਕਰਦੇ ਹਾਂ।’’ ਯੂਕਰੇਨ ਦੀ ਪ੍ਰਭੂਸੱਤਾ ਦਾ ਸੰਕਲਪ ਦੁਹਰਾਉਂਦੇ ਹੋਏ ਬਾਇਡਨ ਨੇ ਕਿਹਾ ਕਿ ਅਮਰੀਕਾ ਨਿਆਂਸੰਗਤ ਤੇ ਸਥਾਈ ਸ਼ਾਂਤੀ ਸਥਾਪਤ ਕਰਨ ਸਬੰਧੀ ਯੂਕਰੇਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਰਹੇਗਾ।