ਕੀਵ, 20 ਫਰਵਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਯੂਕਰੇਨ ਦਾ ਅਣਐਲਾਨੀ ਫੇਰੀ ਕੀਤੀ। ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਇਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨ ਲਈ ਬਾਇਡਨ ਦੀ ਇਸ ਯਾਤਰਾ ਨੂੰ ਇਕਜੁੱਟਤਾ ਦਿਖਾਉਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬਾਇਡਨ ਨੇ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਨੂੰ ਅਮਰੀਕੀ ਸਹਾਇਤਾ ਦਾ ਐਲਾਨ ਕੀਤਾ। ਬਾਇਡਨ ਨੇ ਯੂਕਰੇਨ ਲਈ ਅਮਰੀਕਾ ਅਤੇ ਹੋਰ ਸਹਿਯੋਗੀਆਂ ਦੇ ਸਮਰਥਨ ਨੂੰ ਦੁਹਰਾਇਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸਾਲ ਬਾਅਦ, ਕੀਵ ਮਜ਼ਬੂਤੀ ਨਾਲ ਖੜ੍ਹਾ ਹੈ, ਲੋਕਤੰਤਰ ਖੜ੍ਹਾ ਹੈ, ਅਮਰੀਕੀ ਤੁਹਾਡੇ ਨਾਲ ਖੜੇ ਹਨ ਅਤੇ ਦੁਨੀਆ ਤੁਹਾਡੇ ਨਾਲ ਹੈ।’