ਟੋਰਾਂਟੋ, 14 ਫਰਵਰੀ : ਕੁਰਸੀ ਸੁੱਟਣ ਵਾਲੀ ਮਹਿਲਾ, ਜਿਸ ਦੀ ਵੀਡੀਓ ਵਾਇਰਲ ਹੋਈ ਸੀ, ਨੇ ਬੁੱਧਵਾਰ ਨੂੰ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਮੰਗਲਵਾਰ ਨੂੰ ਟੋਰਾਂਟੋ ਪੁਲਿਸ ਨੇ ਦੱਸਿਆ ਸੀ ਕਿ ਵੀਡੀਓ ਵਿੱਚ ਨਜਰ ਆਉਣ ਵਾਲੀ ਮਹਿਲਾ ਦੀ ਪਛਾਣ ਉਨ੍ਹਾਂ ਨੇ ਕਰ ਲਈ ਹੈ। ਇਹ ਮਹਿਲਾ ਡਾਊਨਟਾਊਨ ਦੇ ਕੌਂਡੋਮੀਨੀਅਮ ਦੀ ਬਾਲਕਨੀ ਵਿੱਚੋਂ ਕੁਰਸੀ ਸੁੱਟਦੀ ਨਜਰ ਆ ਰਹੀ ਸੀ। ਇਸ ਨੌਂ ਸੈਕਿੰਡ ਦੀ ਵੀਡੀਓ ਨੂੰ ਸਨਿੱਚਰਵਾਰ ਨੂੰ ਫੇਸਬੁੱਕ ਉੱਤੇ ਪੋਸਟ ਕੀਤੇ ਜਾਣ ਤੋਂ ਬਾਅਦ 840,000 ਵਾਰੀ ਵੇਖਿਆ ਜਾ ਚੁੱਕਿਆ ਹੈ।
ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਇੱਕ ਮਹਿਲਾ ਆਪਣੀ ਬਾਲਕਨੀ ਵਿੱਚੋਂ ਕੁਰਸੀ ਨੂੰ ਹੇਠਾਂ ਸੁੱਟਣ ਦੀ ਤਿਆਰੀ ਕਰ ਰਹੀ ਹੈ। ਇੱਥੇ ਹੀ ਬੱਸ ਨਹੀਂ ਇਹ ਕੁਰਸੀ ਕਈ ਮੰਜਿਲ ਹੇਠਾਂ ਸੁੱਟੀ ਵੀ ਗਈ। ਇਸ ਗੱਲ ਉੱਤੇ ਯਕੀਨ ਨਹੀਂ ਹੋ ਰਿਹਾ ਕਿ ਇਸ ਘਟਨਾ ਵਿੱਚ ਕੋਈ ਜਖਮੀ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਵੱਲੋਂ ਵੀਡੀਓ ਵਾਲੀ ਮਹਿਲਾ ਦੀ ਪਛਾਣ ਕਰਨ ਵਿੱਚ ਲੋਕਾਂ ਤੋਂ ਮਦਦ ਮੰਗੀ ਸੀ। ਪੁਲਿਸ ਇਸ ਮਾਮਲੇ ਨੂੰ ਸਰਾਰਤ ਦਾ ਮਾਮਲਾ ਮੰਨ ਕੇ ਜਾਂਚ ਕਰ ਰਹੀ ਸੀ ਤੇ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ।