ਅੰਮ੍ਰਿਤਸਰ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਵਿੱਚ ਹੁਣ ਤਕ ਨਿਆਂ ਨਾ ਮਿਲਣ ਕਾਰਨ ਪੀੜਤ ਪਰਿਵਾਰ ਸਰਕਾਰਾਂ ਤੋਂ ਨਿਰਾਸ਼ ਤੇ ਨਾਰਾਜ਼ ਹਨ। ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਹਿਬਲ ਕਲਾਂ ਗੋਲੀ ਕਾਂਡ ਵਿਚ ਮਾਰੇ ਗਏ ਦੋ ਸਿੱਖ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਯਾਦ ਵਿਚ 14 ਅਕਤੂਬਰ ਨੂੰ ਬਰਗਾੜੀ ਵਿਖੇ ਖੇਡ ਸਟੇਡੀਅਮ ਵਿਚ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਇਹ ਖੁਲਾਸਾ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਬਰਗਾੜੀ ਨੇ ਕੀਤਾ ਹੈ।
ਸੁਖਰਾਜ ਸਿੰਘ ਸਿੱਖ ਯੂਥ ਆਫ ਪੰਜਾਬ ਨਾਂ ਦੀ ਜਥੇਬੰਦੀ ਨਾਲ ਜੁੜਿਆ ਹੋਇਆ ਹੈ, ਜੋ ਦਲ ਖਾਲਸਾ ਨਾਲ ਸਬੰਧਤ ਹੈ। ਜਥੇਬੰਦੀ ਦੇ ਆਗੂਆਂ ਪਰਮਜੀਤ ਸਿੰਘ ਮੰਡ ਅਤੇ ਸੁਖਰਾਜ ਸਿੰਘ ਸਮੇਤ ਹੋਰਨਾਂ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 14 ਅਕਤੂਬਰ ਨੂੰ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਬਹਿਬਲ ਕਲਾਂ ਜਿਥੇ ਗੋਲੀ ਚੱਲੀ ਸੀ ਅਤੇ ਦੋ ਸਿੱਖ ਮਾਰੇ ਗਏ ਸਨ, ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹੋਰ ਸਿੱਖ ਆਗੂਆਂ ਵੱਲੋਂ ਅਰਦਾਸ ਕੀਤੀ ਜਾਵੇਗੀ। ਉਪਰੰਤ ਬਰਗਾੜੀ ਵਿਖੇ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ, ਜਿਸ ਵਿਚ ਸਮੂਹ ਸਿੱਖ ਜਥੇਬੰਦੀਆਂ ਨੂੰ ਸ਼ਮੂਲੀਅਤ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਪਰ ਇਸ ਸਮਾਗਮ ਵਿਚ ਸ਼ਮੂਲੀਅਤ ਲਈ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਵੱਲੋਂ ਨਿਆਂ ਪ੍ਰਾਪਤੀ ਵਾਸਤੇ ਬਰਗਾੜੀ ਮੋਰਚਾ ਵੀ ਲਾਇਆ ਗਿਆ ਸੀ, ਨੂੰ ਨਿੱਜੀ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਣ ਸਬੰਧੀ ਸੱਦਾ ਨਹੀਂ ਦਿੱਤਾ ਗਿਆ ਹੈ। ਪੀੜਤ ਪਰਿਵਾਰ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਿਚ ਸ਼ਾਮਲ ਭਾਈ ਧਿਆਨ ਸਿੰਘ ਮੰਡ ਵੱਲੋਂ ਮੋਰਚਾ ਖਤਮ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਆਖਿਆ ਕਿ ਜੇਕਰ ਮੋਰਚਾ ਜਾਰੀ ਰਹਿੰਦਾ ਤਾਂ ਅੱਜ ਇਸ ਦੇ ਨਤੀਜੇ ਕੁਝ ਹੋਰ ਹੋਣੇ ਸਨ। ਉਨ੍ਹਾਂ ਆਖਿਆ ਕਿ 12 ਅਕਤੂਬਰ ਅਤੇ 14 ਅਕਤੂਬਰ 2015 ਵਿਚ ਵਾਪਰੀਆਂ ਇਹ ਘਟਨਾਵਾਂ ਨੂੰ ਚਾਰ ਸਾਲ ਬੀਤ ਚੁੱਕੇ ਹਨ। ਇਨ੍ਹਾਂ ਦੀ ਜਾਂਚ ਲਈ ਕਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਪਰ ਹੁਣ ਤਕ ਨਤੀਜਾ ‘ਸਿਫਰ’ ਰਿਹਾ। ਨੌਜਵਾਨ ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਨੇ ਨਾ ਸਿਰਫ ਨਿਆਂ ਦੇਣ ਵਿਚ ਦੇਰ ਕੀਤੀ ਹੈ ਸਗੋਂ ਜਾਂਚ ਨੂੰ ਵੀ ਸਾਬੋਤਾਜ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਨੇ ਬਰਗਾੜੀ ਕਾਂਡ ਨੂੰ ਸਿਆਸੀ ਮੁਫਾਦਾਂ ਲਈ ਵਰਤਿਆ ਹੈ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਕੈਪਟਨ ਸਰਕਾਰ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਆਖਿਆ ਕਿ ਪਹਿਲਾਂ ਕਾਂਗਰਸ ਨੇ ਸੀਬੀਆਈ ਕੋਲੋਂ ਜਾਂਚ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਹੁਣ ਜਦੋਂ ਸੀਬੀਆਈ ਨੇ ‘ਕਲੋਜ਼ਰ ਰਿਪੋਰਟ’ ਦਿੱਤੀ ਹੈ ਤਾਂ ਕਾਂਗਰਸ ਸਰਕਾਰ ਸੀਬੀਆਈ ਕੋਲੋਂ ਨਵੇਂ ਸਿਰੇ ਤੋਂ ਮੁੜ ਜਾਂਚ ਦੀ ਮੰਗ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕ ਇਨਸਾਫ ਮੰਗ ਰਹੇ ਹਨ ਪਰ ਸਰਕਾਰਾਂ ਕੋਲੋਂ ਇਨਸਾਫ ਨਹੀਂ ਮਿਲ ਰਿਹਾ।

ਸਿੱਖ ਕੌਮ ਵਿਚ ਰੋਸ ਵੱਧ ਰਿਹੈ: ਕੰਵਰਪਾਲ ਸਿੰਘ
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਸਰਕਾਰ ਵੱਲੋਂ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਾਰਨ ਸਿੱਖ ਕੌਮ ਵਿਚ ਰੋਸ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਵੱਖ ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਕੋਲੋਂ ਕੀਤੀ ਪੁਛਗਿਛ ਦੌਰਾਨ ਖੁਲਾਸਾ ਹੋਇਆ ਕਿ ਬਰਗਾੜੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਹੀ ਉਹ ਮੁੜ ਅਤਿਵਾਦ ਲਹਿਰ ਵਲ ਨੂੰ ਪ੍ਰੇਰਿਤ ਹੋਏ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ।