ਕਰਾਚੀ, 7 ਅਕਤੂਬਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਵੀਰਵਾਰ ਨੂੰ ਆਏ 5.9 ਤੀਬਰਤਾ ਵਾਲੇ ਭੂਚਾਲ ਨੇ ਪਹਾੜੀ ਖਿੱਤੇ ਨੂੰ ਕੰਬਾ ਕੇ ਰੱਖ ਦਿੱਤਾ। ਨਤੀਜੇ ਵਜੋਂ ਘਰਾਂ ਦੀਆਂ ਇਮਾਰਤਾਂ ਡਿੱਗਣ ਕਾਰਨ ਘੱਟੋ-ਘੱਟ 22 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ 300 ਤੋਂ ਵੱਧ ਫੱਟੜ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਕੀਤੀ।
ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇਸਲਾਮਾਬਾਦ ਵਿੱਚ ਭੂਚਾਲ ਮਾਪਣ ਵਾਲੇ ਕੌਮੀ ਸੈਂਟਰ ਦੀ ਰਿਪੋਰਟ ਵਿੱਚ ਭੂਚਾਲ ਦਾ ਕੇਂਦਰ ਬਿੰਦੂ ਹਰਨਈ ਨੇੜੇ ਸੀ ਜਿਸ ਦੀ ਡੂੰਘਾਈ 15 ਕਿਲੋਮੀਟਰ ਮਾਪੀ ਗਈ। ਉਨ੍ਹਾਂ ਦੱਸਿਆ ਕਿ ਨੁਕਸਾਨ ਬਾਰੇ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਭੂਚਾਲ ਨੇ ਬਲੋਚਿਸਤਾਨ ਦੇ ਕੋਇਟਾ, ਸਿਬੀ, ਹਰਨਈ, ਪਿਸ਼ਹਿਨ, ਕਿਲਾ ਸੈਫਉਲ੍ਹਾ, ਚਮਨ, ਜ਼ਿਆਰਤ ਤੇ ਜ਼ੋਬ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਹਰਨਈ ਜ਼ਿਲ੍ਹੇ ਵਿੱਚ ਜ਼ਿਆਦਾਤਰ ਮੌਤਾਂ ਤੇ ਜ਼ਖ਼ਮੀ ਹੋਈਆਂ ਹਨ। ਹਰਨਈ ਦੇ ਡਿਪਟੀ ਕਮਿਸ਼ਨਰ ਸੋਹੇਲ ਅਨਵਰ ਹਾਸ਼ਮੀ ਨੇ 22 ਮੌਤਾਂ ਹੋਣ ਦੀ ਪੁਸ਼ਟੀ ਕੀਤੀ। ਇਨ੍ਹਾਂ ਵਿੱਚ ਛੇ ਬੱਚੇ ਸ਼ਾਮਲ ਹਨ। ਡਾਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ’ਤੇ ਭੂਚਾਲ ਮਗਰੋਂ ਕੋਇਟਾ ਦੇ ਸ਼ਹਿਰ ਵਿੱਚ ਲੋਕਾਂ ਦੇ ਗਲੀਆਂ ਵਿੱਚ ਬੈਠੇ ਹੋਣ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।