ਨਵੀ ਦਿੱਲੀ:ਆਗਾਮੀ ਪ੍ਰੀਮੀਅਰ ਹੈਂਡਬਾਲ ਲੀਗ (ਪੀਐੱਚਐੱਲ) ਦੇ ਲਾਇਸੈਂਸਧਾਰਕ ਬਲੂਸਪੋਰਟ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਿਡ ਨੇ ਦੇਸ਼ ਵਿੱਚ ਹੈਂਡਬਾਲ ਦੇ ਵਿਕਾਸ ਲਈ 240 ਕਰੋੜ ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ। ਭਾਰਤੀ ਹੈਂਡਬਾਲ ਫੈਡਰੇਸ਼ਨ ਨੇ ਕੰਪਨੀ ਦੇ ਇਸ ਕਦਮ ਦਾ ਸਵਾਗਤ ਹੈ। ਕੰਪਨੀ ਨੇ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਪੁਰਸ਼ ਅਤੇ ਮਹਿਲਾਵਾਂ ਦੇ ਹੈਂਡਬਾਲ ਨੂੰ ਅੱਗੇ ਵਧਾਉਣ ਵਿੱਚ ਤੇਜ਼ੀ ਲਿਆਉਣ ਲਈ ਇਹ ਪੈਸਾ ਵਰਤੇਗੀ ਅਤੇ ਇਸ ਦਾ ਮਕਸਦ ਨਾ ਸਿਰਫ਼ ਉਪਰਲੇ ਪੱਧਰ ’ਤੇ ਬਲਕਿ ਜ਼ਮੀਨੀ ਪੱਧਰ ’ਤੇ ਇਸ ਖੇਡ ਨੂੰ ਬੜ੍ਹਾਵਾ ਦੇਣਾ ਹੈ। ਬਲੂਸਪੋਰਟ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਿਡ ਦੇ ਸੀਈਓ ਅਤੇ ਸਹਿ-ਸੰਸਥਾਪਕ ਮਨੂ ਅਗਰਵਾਲ ਨੇ ਕਿਹਾ, ‘ਇੱਕ ਪੇਸ਼ੇਵਰ ਹੈਂਡਬਾਲ ਲੀਗ ਅਤੇ ਉਸ ਦੀ ਮਾਰਕੀਟਿੰਗ ਤੋਂ ਇਲਾਵਾ ਅਸੀਂ ਵੱਖ-ਵੱਖ ਸਹਿਯੋਗਾਂ ਅਤੇ ਵਿਸ਼ੇਸ਼ ਤੌਰ ’ਤੇ ਖਿਡਾਰੀਆਂ, ਕੋਚਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਭਾਰਤ ਵਿੱਚ ਹੈਂਡਬਾਲ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਜ਼ਮੀਨੀ ਪੱਧਰ ’ਤੇ ਵਿਕਸਿਤ ਕਰਨ ਲਈ ਇੱਕ ਵਿਆਪਕ ਨਜ਼ਰੀਏ ’ਤੇ ਵੀ ਵਿਚਾਰ ਕਰ ਰਹੇ ਹਾਂ।’ ਭਾਰਤੀ ਹੈਂਡਬਾਲ ਫੈਡਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਨੰਦੇਸ਼ਵਰ ਪਾਂਡੇ ਨੇ ਬਲੂਸਪੋਰਟ ਦੇ ਸਹਿਯੋਗ ਦਾ ਸਵਾਗਤ ਕਰਦਿਆਂ ਕਿਹਾ, ‘ਅਸੀਂ ਭਾਰਤ ਵਿੱਚ ਕਾਫੀ ਵਰ੍ਹਿਆਂ ਤੋਂ ਇਸ ਖੇਡ ਦੇ ਵਿਕਾਸ ਲਈ ਕੰਮ ਰਹੇ ਹਨ ਅਤੇ ਸਾਡਾ ਮੰਨਣਾ ਹੈ ਕਿ ਬਲੂਸਪੋਰਟ ਐਂਟਰਟੇਨਮੈਂਟ ਦੇ ਇਸ ਨਿਵੇਸ਼ ਨਾਲ ਇਸ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੇਗੀ।’ ਜ਼ਿਕਰਯੋਗ ਹੈ ਕਿ ਬਲੂਸਪੋਰਟ ਅਗਲੇ ਦਸ ਸਾਲਾਂ ਲਈ ਭਾਰਤ ’ਚ ਪੁਰਸ਼ ਅਤੇ ਮਹਿਲਾ ਲੀਗ-ਪੀਐੱਚਐੱਲ ਕਰਵਾਉਣ ਅਧਿਕਾਰ ਹਾਸਲ ਕਰ ਚੁੱਕੀ ਹੈ। ਪੀਐੱਚਐੱਲ ਦਾ ਪਹਿਲਾ ਟੂਰਨਾਮੈਂਟ ਅਗਲੇ ਵਰ੍ਹੇ 2022 ’ਚ ਹੋਣਾ ਹੈ।