ਮੋਗਾ, 19 ਸਤੰਬਰ
ਇੱਥੇ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਡਾਲਾ ਵਿਚ ਅੱਜ ਸ਼ਾਮ ਅਜੀਤਵਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਦੀ ਘਰ ’ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਦੇਰ ਸ਼ਾਮ ਨੂੰ ‘ਏ’ ਕੈਟਾਗਿਰੀ ਦੇ ਗੈਂਗਸਟਰ ਅਰਸ਼ ਡਾਲਾ, ਜੋ ਇਸੇ ਪਿੰਡ ਦਾ ਰਹਿਣ ਵਾਲਾ ਹੈ, ਨੇ ਇਸ ਕਤਲ ਲਈ ਜ਼ਿੰਮੇਵਾਰੀ ਲਈ ਹੈ। ਡੀਐੱਸਪੀ ਧਰਮਕੋਟ ਰਾਵਿੰਦਰ ਸਿਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਵੇਰਵਿਆਂ ਅਨੁਸਾਰ ਬਲਜਿੰਦਰ ਸਿੰਘ ਬੱਲੀ ਪਿੰਡ ਡਾਲਾ ਦਾ ਨੰਬਰਦਾਰ ਅਤੇ ਅਜੀਤਵਾਲ ਬਲਾਕ ਕਾਂਗਰਸ ਦਾ ਪ੍ਰਧਾਨ ਸੀ। ਉਹ ਆਪਣੇ ਘਰ ਵਾਲਾਂ ਦੀ ਕਟਿੰਗ ਕਰਵਾ ਰਿਹਾ ਸੀ ਤਾਂ ਇਸ ਦੌਰਾਨ ਕਿਸੇ ਦਾ ਫੋਨ ਵੀ ਆਇਆ। ਸੂਤਰਾਂ ਮੁਤਾਬਕ ਇਸ ਦੌਰਾਨ ਮੋਟਰਸਾਈਕਲ ਉੱਤੇ ਦੋ ਨੌਜਵਾਨ ਆਏ। ਇੱਕ ਨੌਜਵਾਨ ਕਾਂਗਰਸ ਆਗੂ ਦੇ ਘਰ ਚਲਾ ਗਿਆ ਅਤੇ ਉਸ ਨੇ ਕਾਂਗਰਸ ਆਗੂ ਉੱਤੇ ਦੋ ਗੋਲੀਆਂ ਦਾਗ ਦਿੱਤੀਆਂ। ਦੂਜੇ ਪਾਸੇ ਹਮਲਾਵਰ ਦਾ ਦੂਜਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ ਤੇ ਇਹ ਦੋਵੇਂ ਫਰਾਰ ਹੋ ਗਏ। ਕਾਂਗਰਸ ਆਗੂ ਨੂੰ ਗੰਭੀਰ ਹਾਲਤ ਵਿਚ ਸਥਾਨਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਬਲਜਿੰਦਰ ਸਿੰਘ ਪਿੰਡ ਡਾਲਾ ਦੀ ਪੰਚਾਇਤ ਦਾ ਪੰਚ ਵੀ ਸੀ। ਹਮਲਾਵਰਾਂ ਦੀਆਂ ਵਾਰਦਾਤ ਮਗਰੋਂ ਫ਼ਰਾਰ ਹੋਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਜੇ.ਐਲਨਚੇਜ਼ੀਆਂ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।