ਬਰੈਂਪਟਨ/ਸਟਾਰ ਨਿਊਜ਼ : ਇਕਨਾਮਿਕ ਡਿਵੈਲਪਮੈਂਟ ਐਂਡ ਗ੍ਰੋਥ ਮੰਤਰੀ ਸਟੀਵਨ ਡੈਲ ਡੂਕਾ ਨੇ ਬਰੈਂਪਟਨ ਤੇ ਯੌਰਕ ਰੀਜਨ ਵਿੱਚ ਬੈਟਰੀ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਨੂੰ ਟੈਸਟ ਕਰਨ ਲਈ ਨਵੇਂ ਪਾਇਲਟ ਪ੍ਰੋਜੈਕਟ ਲਈ ਫੰਡ ਦਾ ਐਲਾਨ ਕੀਤਾ। ਇਹ ਐਲਾਨ ਨਿਊਮਾਰਕਿਟ ਵਿੱਚ ਯੌਰਕ ਰੀਜਨ ਦੇ ਐਡਮਨਿਸਟ੍ਰੇਟਿਵ ਸੈਂਟਰ ਵਿਖੇ ਕੀਤਾ ਗਿਆ।
ਕੈਨੇਡੀਅਨ ਅਰਬਨ ਟਰਾਂਜਿਟ ਰਿਸਰਚ ਐਂਡ ਇਨੋਵੇਸਨ ਕੌਂਸੋਰਟੀਅਮ (ਸੀਯੂਟੀਆਰਆਈਸੀ) ਨਾਲ ਭਾਈਵਾਲੀ ਤਹਿਤ ਬਰੈਂਪਟਨ ਟਰਾਂਜਿਟ ਇਸ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਹ ਕੌਮੀ ਪੱਧਰ ਦਾ ਆਪਣੀ ਹੀ ਕਿਸਮ ਦਾ ਟਰਾਇਲ ਹੈ। 2019 ਤੱਕ ਬਰੈਂਪਟਨ ਵਿੱਚ ਪੂਰੀ ਤਰ੍ਹਾਂ ਬੈਟਰੀ ਅਧਾਰਤ ਇਲੈਕਟ੍ਰਿਕ ਬੱਸਾਂ ਤੇ ਹਾਈ ਪਾਵਰ ਓਵਰਹੈੱਡ ਆਨਰੂਟ ਚਾਰਜਿੰਗ ਸਿਸਟਮਜ ਹੋਣਗੇ। ਅੱਠ ਇਲੈਕਟ੍ਰਿਕ ਬੱਸਾਂ ਤੇ ਚਾਰ ਚਾਰਜਿੰਗ ਸਿਸਟਮਜ ਇਸ ਦੌਰਾਨ ਲਾਏ ਜਾਣਗੇ।
ਇਸ ਸਮੇਂ ਬਰੈਂਪਟਨ ਟਰਾਂਜਿਟ ਦੇ ਫਲੀਟ ਵਿੱਚ 422 ਬੱਸਾਂ ਹਨ। ਜਿਨ੍ਹਾਂ ਵਿੱਚੋਂ 110 ਬੱਸਾਂ ਜੂਮ ਦੀਆਂ ਹਨ। ਜੂਮ ਦੀਆਂ ਬੱਸਾਂ ਡੀਜਲ ਹਾਈਬ੍ਰਿਡ ਇਲੈਕਟ੍ਰਿਕ ਬੱਸਾਂ ਹਨ। ਇਨ੍ਹਾਂ ਕਾਰਨ ਹਰ ਸਾਲ 3500 ਟੰਨ ਜੀਐਚਜੀ ਦੀ ਕਮੀ ਹੋਈ ਹੈ।