ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਮੇਅਰ, ਰੀਜਨਲ ਕੌਂਸਲਰ ਅਤੇ ਸਕੂਲ ਟਰੱਸਟੀਆਂ ਦੀਆਂ ਚੋਣਾਂ 22 ਅਕਤੂਬਰ ਨੂੰ ਹੋਣੀਆਂ ਹਨ, ਜਿਸ ਲਈ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬੀਆਂ ਸਮੇਤ ਕਈ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ‘ਚ ਉੱਤਰੇ ਹਨ। ਲਗਭਗ 3 ਦਰਜਨ ਪੰਜਾਬੀ ਮੈਦਾਨ ‘ਚ ਉੱਤਰੇ ਹੋਏ ਹਨ। ਇੱਥੋਂ ਦੀ ਨੌਜਵਾਨ ਪੀੜ੍ਹੀ ਚੋਣਾਂ ਰਾਹੀਂ ਬਦਲਾਅ ਕਰਨ ਦੀ ਇੱਛੁਕ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ।
ਗ੍ਰੇਟਰ ਟੋਰਾਂਟੋ ਏਰੀਏ ‘ਚ ਰਹਿ ਰਹੇ ਲੋਕਾਂ ਲਈ ਵੱਡੀ ਸਮੱਸਿਆ ਪ੍ਰਾਪਟੀ ਟੈਕਸ ਅਤੇ ਆਟੋ ਇੰਸ਼ੋਰੈਂਸ ਰੇਟ ਹਨ, ਜਿਨ੍ਹਾਂ ਦਾ ਉਹ ਹੱਲ ਚਾਹੁੰਦੇ ਹਨ। ਪਿਛਲੇ 4 ਸਾਲਾਂ ਤੋਂ ਅਪਰਾਧਿਕ ਮਾਮਲਿਆਂ ‘ਚ ਬਹੁਤ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡੀ ਸਮੱਸਿਆ ਘਟੀਆ ਸਿਹਤ ਪ੍ਰਬੰਧਾਂ ਦੀ ਹੈ, ਜਿਸ ਕਾਰਨ ਬਰੈਂਪਟਨ ਵਾਸੀ ਬਹੁਤ ਪ੍ਰੇਸ਼ਾਨ ਹਨ।  ਮਿਸੀਸਾਗਾ ‘ਚ 3 ਹਸਪਤਾਲ ਹਨ ਅਤੇ ਵਧੇਰੇ ਲੋਕ ਇਲਾਜ ਲਈ ਇੱਥੇ ਹੀ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਰੈਂਪਟਨ ‘ਚ ਉਦਯੋਗਿਕ ਵਿਕਾਸ ਵੱਲ ਰੁਝਾਨ ਵਧਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਸੇ ਕਾਰਨ ਬਰੈਂਪਟਨ ਵਾਸੀ ਅਤੇ ਵਧੇਰੇ ਕਰਕੇ ਇੱਥੇ ਰਹਿ ਰਹੇ ਪੰਜਾਬੀਆਂ ਨੂੰ 50 ਤੋਂ 75 ਕਿਲੋਮੀਟਰ ਦੂਰ ਕੰਮ ਕਰਨ ਲਈ ਮਿਸੀਸਾਗਾ ਜਾਣਾ ਪੈਂਦਾ ਹੈ। ਬਰੈਂਪਟਨ ‘ਚ ਕੋਈ ਯੂਨੀਵਰਸਿਟੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਦੀ ਮੰਗ ਹੈ ਕਿ ਬਰੈਂਪਟਨ ਦਾ ਪੂਰਾ ਵਿਕਾਸ ਕੀਤਾ ਜਾਵੇ ਅਤੇ ਉਮੀਦਵਾਰ ਸਿਰਫ ਵਾਅਦੇ ਕਰਕੇ ਵੋਟਾਂ ਨਾ ਇਕੱਠੀਆਂ ਕਰਨ ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਨ। ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੈ ਕਿ ਉਮੀਦਵਾਰ ਜਦ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ। ਹਰ ਕੋਈ ਵੋਟਾਂ ਲਈ ਵੱਡੇ-ਵੱਡੇ ਵਾਅਦੇ ਕਰ ਕੇ ਚਲਾ ਜਾਂਦਾ ਹੈ।