ਲੰਡਨ:ਬਰਤਾਨੀਆ ਦੇ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ ’ਤੇ ਕਰੀਅਰ ਦੇ ਆਖਰੀ ਮੁਕਾਬਲੇ ਮਗਰੋਂ ਪਾਬੰਦੀਸ਼ੁਦਾ ਦਵਾਈ ਲੈਣ ਲਈ ਪਾਜ਼ੇਟਿਵ ਪਾੲੇ ਜਾਣ ’ਤੇ ਦੋ ਸਾਲਾਂ ਦੀ ਪਾਬੰਦੀ ਲਾਈ ਗਈ ਹੈ। ਸਾਬਕਾ ਲਾਈਟ ਵੈਲਟਰਵੇਟ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਆਮਿਰ ਖ਼ਾਨ  ਫਰਵਰੀ 2022 ਵਿੱਚ ਮਾਨਚੈਸਟਰ ਵਿੱਚ ਕੈਲ ਬਰੁੱਕ ਵਿਰੁੱਧ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਓਸਟਰਾਈਨ ਲਈ ਪਾਜ਼ੇਟਿਵ ਪਾਇਆ ਗਿਆ ਸੀ ਜੋ ਐਨਾਬੌਲਿਕ ਏਜੰਟ ਹੈ। ਬਰਤਾਨੀਆ ਦੀ ਡੋਪਿੰਗ ਰੋਕੂ ਸੰਸਥਾ ਨੇ ਅੱਜ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ‘ਓਸਟਰਾਈਨ’ ਇੱਕ ਸਿਲੈਕਟਿਵ ਐਂਡਰੋਜੈਨ ਰਿਸੈਪਟਰ ਮੌਡਿਊਲੇਟਰ ਹੈ ਜਿਹੜਾ ਮਾਸਪੇਸ਼ੀਆਂ ਬਣਾਉਣ ਵਿੱਚ ਮਦਦ ਕਰਦਾ ਹੈ। ਬਰੁੱਕ ਖ਼ਿਲਾਫ਼ ਮੁਕਾਬਲੇ ਤੋਂ ਤਿੰਨ ਮਹੀਨੇ ਬਾਅਦ ਸੰਨਿਆਸ ਦਾ ਐਲਾਨ ਕਰਨ ਵਾਲੇ ਆਮਿਰ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਸਵੀਕਾਰ ਕੀਤੀ ਸੀ ਪਰ ਉਸ ਨੇ ਕਿਹਾ ਸੀ ਕਿ ਉਸ ਨੇ ਜਾਣਬੁੱਝ ਕੇ ਇਹ ਦਵਾਈ ਨਹੀਂ ਖਾਧੀ। ਆਮਿਰ ਦੇ ਇਸ ਦਾਅਵੇ ਨੂੰ ਜਨਵਰੀ ਵਿੱਚ ਸੁਣਵਾਈ ਤੋਂ ਬਾਅਦ ਸੁਤੰਤਰ ਪੈਨਲ ਨੇ ਮਨਜ਼ੂਰ ਕੀਤਾ ਸੀ। ਉਸ ’ਤੇ ਪਾਬੰਦੀ 5 ਅਪਰੈਲ 2024 ਨੂੰ ਖਤਮ ਹੋਵੇਗੀ।