ਲੰਡਨ, 10 ਦਸੰਬਰ

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਪਤਨੀ ਕੈਰੀ ਨੇ ਵੀਰਵਾਰ ਤੜਕੇ ਧੀ ਨੂੰ ਜਨਮ ਦਿੱਤਾ ਹੈ। ਜੌਹਨਸਨ ਦੇ ਦਫ਼ਤਰ ਨੇ ਕਿਹਾ ਕਿ ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ। ਇਸ ਜੋੜੇ ਦਾ ਇਹ ਦੂਜਾ ਬੱਚਾ ਹੈ। ਪਹਿਲਾਂ ਇਨ੍ਹਾਂ ਕੋਲ ਵਿਲਫਰੈੱਡ ਨਾਂ ਦਾ ਬੇਟਾ ਹੈ, ਜੋ ਪਿਛਲੇ ਸਾਲ ਅਪਰੈਲ ਵਿੱਚ ਪੈਦਾ ਹੋਇਆ ਸੀ। ਜੌਹਨਸਨ ਦੇ ਆਪਣੇ ਪਹਿਲੇ ਵਿਆਹਾਂ ਤੋਂ ਪੰਜ ਹੋਰ ਬੱਚੇ ਹਨ। ਜੌਹਨਸਨ ਨੇ 33 ਸਾਲਾ ਕੈਰੀ ਜੌਹਨਸਨ ਨਾਲ ਇਸ ਸਾਲ ਮਈ ਵਿੱਚ ਵੈਸਟਮਿਨਸਟਰ ਗਿਰਜਾਘਰ ’ਚ ਵਿਆਹ ਕਰਵਾਇਆ ਸੀ। 

ਭਾਰਤੀ ਮੂਲ ਦੀ ਆਪਣੀ ਪਤਨੀ ਮਰੀਨਾ ਵ੍ਹੀਲਰ ਤੋਂ ਤਲਾਕ ਲੈਣ ਮਗਰੋਂ ਇਹ ਜੌਹਨਸਨ ਦਾ ਤੀਜਾ ਵਿਆਹ ਸੀ। ਵ੍ਹੀਲਰ ਤੋਂ ਜੌਹਨਸਨ ਦੇ ਚਾਰ ਬੱਚੇ ਹਨ। ਜੌਹਨਸਨ ਦੇ ਆਰਟ ਕੰਸਲਟੈਂਟ ਹੈਲਨ ਮੈਕਿਨਟਾਇਰ ਨਾਲ ਵੀ ਸਬੰਧ ਰਹੇ ਹਨ ਤੇ ਇਸ ਰਿਸ਼ਤੇ ਤੋਂ ਉਨ੍ਹਾਂ ਦਾ ਇਕ ਬੱਚਾ ਹੈ। ਜੌਹਨਸਨ ਦੀ ਪਹਿਲੀ ਪਤਨੀ ਅਲੈਗਰਾ ਮੋਸਟਿਨ ਓਵਨ ਤੋਂ ਉਨ੍ਹਾਂ ਨੂੰ ਕੋਈ ਬੱਚਾ ਨਹੀਂ ਸੀ।