ਲੰਡਨ, 12 ਅਪਰੈਲ

ਬਰਤਾਨੀਆ ’ਚ ਭਾਰਤੀ ਮੂਲ ਦੇ 68 ਸਾਲਾ ਸਿੱਖ ’ਤੇ ਦਲਿਤ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਨਫਰਤ ਭਰਿਆ ਭਾਸ਼ਨ ਦੇਣ ਦੇ ਦੋਸ਼ ’ਚ 18 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਟੇਮਜ਼ ਵੈਲੀ ਪੁਲੀਸ ਨੇ ਕਿਹਾ ਕਿ 68 ਸਾਲਾ ਅਮਰੀਕ ਬਾਜਵਾ ਨੂੰ ਜਨਤਕ ਸੰਚਾਰ ਨੈੱਟਵਰਕ ਰਾਹੀਂ ਅਪਮਾਨਜਨਕ/ਅਸ਼ਲੀਲ/ਧਮਕਾਉਣ ਵਾਲੇ ਸੰਦੇਸ਼ ਭੇਜਣ ਦੇ ਮਾਮਲੇ ਵਿੱਚ ਦੋਸ਼ੀ ਮੰਨਣ ਤੋਂ ਬਾਅਦ 18 ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 19 ਜੁਲਾਈ 2022 ਨੂੰ ਬਾਜਵਾ ਨੇ ਟਿੱਕਟਾਕ ’ਤੇ ਇੱਕ ਵੀਡੀਓ ਪੋਸਟ ਕੀਤੀ ਸੀ ਤੇ ਉਸ ਨੂੰ 22 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਯੂਕੇ ਸਥਿਤ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਅਲਾਇੰਸ (ਏਸੀਡੀਏ), ਜੋ ਬਾਜਵਾ ਦੇ ਟਿੱਕਟਾਕ ਵੀਡੀਓ ਨੂੰ ਪੁਲੀਸ ਦੇ ਧਿਆਨ ਵਿੱਚ ਲਿਆਉਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਸੀ, ਨੇ ਕਿਹਾ ਕਿ ਇਹ ਸਮੱਗਰੀ ਵਿੱਚ ਬਹੁਤ ਜ਼ਿਆਦਾ ਜ਼ਹਿਰ ਘੋਲ ਰਹੀ ਹੈ ਤੇ ਨਸਲਵਾਦੀ ਅਤੇ ਜਾਤੀਵਾਦੀ ਹੈ। ਇਸ ਵਿੱਚ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।