ਫਤਹਿਗੜ੍ਹ ਸਾਹਿਬ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਕੋਟਲਾ ਭਾਈਕਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਬਰਗਾੜੀ ਤੇ ਬਹਿਬਲ ਕਲਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾ ਮਿਲਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਤੋਂ ਮੋਰਚੇ ਲੱਗ ਰਹੇ ਹਨ, ਅਕਾਲੀ ਦਲ ਬਾਦਲ ਦੇ ਰਾਜ ਵਿੱਚ ਤਾਂ ਇਨਸਾਫ਼ ਮਿਲਣ ਦੀ ਉਮੀਦ ਖ਼ਤਮ ਹੀ ਸੀ ਪਰ ਹੁਣ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਵੀ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਮਿਲਣਾ ਕਾਂਗਰਸ ਸਰਕਾਰ ਦੇ ਕਿਰਦਾਰ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਸ ਕਾਰਨ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਨਸਾਫ਼ ਲਈ ਅਨੇਕਾਂ ਮੋਰਚੇ ਲਗਾਏ ਹਨ ਤੇ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਲਗਾਏ ਇਨਸਾਫ਼ ਮੋਰਚੇ ਵਿੱਚ ਸੰਗਤ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੋ ਸਰਕਾਰ ਦੀਆ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸਿੱਖਾਂ ਦੇ ਦੋਖੀਆਂ ਨੂੰ ਅਦਾਲਤ ਦੇ ਕਟਹਿਰੇ ’ਚ ਲਿਆਉਣਾ ਪਵੇਗਾ। ਉਨ੍ਹਾਂ ਸੂਬਾ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਲੋਕਾਂ ਅੱਗੇ ਨਸ਼ਰ ਕਰਕੇ ਇਸ ਦੀ ਪੂਰੀ ਸਚਾਈ ਸਿੱਖ ਸੰਗਤ ਸਾਹਮਣੇ ਲਿਆਵੇ।