ਫ਼ਰੀਦਕੋਟ, ਪੰਜਾਬ ਸਰਕਾਰ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਅੱਠ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦੋ ਮੁੱਖ ਅਧਿਕਾਰੀਆਂ ਦੇ ਦਾਅਵਿਆਂ ਵਿੱਚ ਅੰਤਰ ਹੋਣ ਕਾਰਨ ਬੇਅਦਬੀ ਕਾਂਡ ਦੀ ਸਮੁੱਚੀ ਪੜਤਾਲ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਦੇ ਏਡੀਜੀਪੀ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੇ ਸੀਬੀਆਈ ਦੇ ਡਾਇਰੈਕਟਰ ਨੂੰ 29 ਜੁਲਾਈ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬੰਦ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜਾਂਚ ਟੀਮ ਨੂੰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਬੇਅਦਬੀ ਕਾਂਡ ਤੋਂ ਪਹਿਲਾਂ ਬਰਗਾੜੀ ਇਲਾਕੇ ਵਿੱਚ ਦੋ ਪਾਕਿਸਤਾਨੀ ਸਿਮ ਵਰਤੇ ਗਏ ਸਨ ਅਤੇ ਸੀਬੀਆਈ ਨੇ ਇਸ ਤੱਥ ਦੀ ਪੜਤਾਲ ਨਹੀਂ ਕੀਤੀ ਹੈ। ਸੀਬੀਆਈ ਦੇ ਐੱਸਪੀ ਪੀ. ਚੱਕਰਵਰਤੀ ਨੇ ਜਾਂਚ ਟੀਮ ਦੇ ਮੁਖੀ ਦਾ ਪੱਤਰ ਮਿਲਣ ਮਗਰੋਂ ਬੇਅਦਬੀ ਕਾਂਡ ਦੀ ਪੜਤਾਲ ਮੁੜ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਬਾਰੇ ਅਦਾਲਤ ਕੋਲੋਂ ਇਜਾਜ਼ਤ ਵੀ ਮੰਗੀ ਹੈ। ਦੂਜੇ ਪਾਸੇ ਕੋਟਕਪੂਰਾ ਗੋਲੀ ਕਾਂਡ ਵਿੱਚ 23 ਮਈ 2019 ਨੂੰ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 56 ਸਫ਼ਿਆਂ ਦੀ ਪੜਤਾਲ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਗਿਣੀ ਮਿੱਥੀ ਸਾਜ਼ਿਸ਼ ਤਹਿਤ ਵਾਪਰੇ ਹਨ ਅਤੇ ਇਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸ਼ਮੂਲੀਅਤ ਹੋ ਸਕਦੀ ਹੈ। ਆਈਜੀ ਨੇ ਇਸ ਰਿਪੋਰਟ ਵਿੱਚ ਲਿਖਤੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਸ਼ਖਸੀਅਤਾਂ ਦੇ ਕੋਟਕਪੂਰਾ ਗੋਲੀ ਕਾਂਡ ਵਿੱਚ ਨਿਭਾਏ ਰੋਲ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ਼ ਪੜਤਾਲ ਮੁਕੰਮਲ ਹੋਣ ਮਗਰੋਂ ਧਾਰਾ 173 (8) ਤਹਿਤ ਚਲਾਨ ਅਦਾਲਤ ਵਿੱਚ ਦਿੱਤਾ ਜਾ ਸਕਦਾ ਹੈ।
ਏਡੀਜੀਪੀ ਪ੍ਰਬੋਧ ਕੁਮਾਰ ਦੇ ਦਾਅਵਿਆਂ ਨੂੰ ਜੇਕਰ ਸੱਚ ਮੰਨਿਆ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਦਾਅਵੇ ਰੱਦ ਹੁੰਦੇ ਹਨ। ਦੱਸਣਯੋਗ ਹੈ ਕਿ ਜਾਂਚ ਟੀਮ ਦੇ ਅਧਿਕਾਰੀਆਂ ਦਰਮਿਆਨ ਆਪਸੀ ਵਖਰੇਵੇਂ ਵੀ ਜੱਗ ਜ਼ਾਹਿਰ ਹੋ ਗਏ ਸਨ।
ਏਡੀਜੀਪੀ ਪ੍ਰਬੋਧ ਕੁਮਾਰ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਕਿ ਕੋਟਕਪੂਰਾ ਤੇ ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਦੇ ਜੋ ਵੀ ਸਿੱਟੇ ਹੋਣਗੇ, ਉਨ੍ਹਾਂ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ। ਏਡੀਜੀਪੀ ਨੇ 29 ਜੁਲਾਈ 2019 ਨੂੰ ਸੀਬੀਆਈ ਨੂੰ ਲਿਖੇ ਪੱਤਰ ਦੀ ਪੁਸ਼ਟੀ ਕੀਤੀ ਹੈ। ਇਸੇ ਪੱਤਰ ਦੇ ਆਧਾਰ ’ਤੇ ਸੀਬੀਆਈ ਨੇ ਵਿਸ਼ੇਸ਼ ਅਦਾਲਤ ਵਿੱਚ ਜਾਂਚ ਲਈ ਇਜਾਜ਼ਤ ਮੰਗੀ ਹੈ।