ਬਨੂੜ, 9 ਜਨਵਰੀ

ਬਨੂੜ-ਤੇਪਲਾ ਮਾਰਗ ’ਤੇ ਪਿੰਡ ਬਾਸਮਾ ਨੇੜੇ ਬੀਤੀ ਰਾਤ ਸੰਘਣੀ ਧੁੰਦ ਕਾਰਨ ਸਕਾਰਪੀਓ ਅਤੇ ਐਕਟਿਵਾ ਦਰਮਿਆਨ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ 2 ਬੱਚਿਆਂ 2 ਮਹਿਲਾਵਾਂ ਸਮੇਤ 5 ਵਿਅਕਤੀ ਜ਼ਖਮੀ ਹੋ ਗਏ। ਥਾਣਾ ਮੁੱਖੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ 7 ਵਜੇ ਦੇ ਕਰੀਬ ਬਨੂੜ ਦਾ ਰਹਿਣਵਾਲਾ ਗੁਰਬਖਸ਼ ਸਿੰਘ ਉਰਫ ਰਿੰਕਾ (48) ਪੁੱਤਰ ਜਲਿੰਦਰ ਸਿੰਘ ਆਪਣੀ ਐਕਟਿਵਾ ’ਤੇ ਅੰਬਾਲਾ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕ ਕੇ ਬਨੂੜ ਨੂੰ ਵਾਪਸ ਆ ਰਿਹਾ ਸੀ, ਜਦੋਂ ਉਹ ਬਾਸਮਾ ਸਥਿਤ ਸਿਗਮਾ ਫੈਕਟਰੀ ਨੇੜੇ ਪੁੱਜਾ ਤਾਂ ਸੰਘਣੀ ਧੁੰਦ ਕਾਰਨ ਬਨੂੜ ਵੱਲ ਤੋਂ ਆ ਰਹੀ ਸਕਾਰਪੀਓ ਸਵਾਰਾਂ ਨੂੰ ਐਕਟਿਵਾ ਵਿਖਾਈ ਨਾ ਦਿੱਤੀ ਤੇ ਉਹ ਉਸ ਨਾਲ ਟਕਰਾ ਕੇ ਦਰੱਖਤ ਨਾਲ ਜਾ ਵੱਜੀ। ਇਸ ਹਾਦਸੇ ਵਿੱਚ ਦੋਨੋਂ ਵਾਹਨ ਚਕਨਾਚੂਰ ਹੋ ਗਏ।