ਮੁੰਬਈ: ਫਿਲਮ ‘ਬਧਾਈ ਹੋ’ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਅੱਜ ਇੱਥੇ ਗੱਲ ਕਰਦਿਆਂ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਖੁਲਾਸਾ ਕੀਤਾ ਕਿ ਸਮਾਜ ਦੀਆਂ ਵੱਡੀ ਉਮਰ ਦੀਆਂ ਔਰਤਾਂ ਦੇ ਗਰਭਧਾਰਨ ਸਬੰਧੀ ਧਾਰਨਾਵਾਂ ’ਤੇ ਫਿਲਮ ਦੀ ਪਈ ਚੰਗੀ ਛਾਪ ਤੋਂ ਉਹ ਖੁਸ਼ ਹੈ। ਆਯੂੁਸ਼ਮਾਨ ਨੇ ਕਿਹਾ, ‘‘ਮੇਰੀਆਂ ਬਹੁਤੀਆਂ ਫਿਲਮਾਂ ਪਰਿਵਾਰ ਨਾਲ ਆ ਕੇ ਦੇਖਣ ਅਤੇ ਚੰਗਾ ਸੰਦੇਸ਼ ਲਿਜਾਣ ਅਤੇ ਸਭ ਤੋਂ ਮਹੱਤਵਪੂਰਨ ਮਨੋਰੰਜਨ ਭਰਪੂਰ ਹੁੰਦੀਆਂ ਹਨ। ਮੈਨੂੰ ਅਜਿਹੀਆਂ ਕਹਾਣੀਆਂ ਲੱਭਣ ਦਾ ਮੌਕਾ ਮਿਲਿਆ, ਜੋ ਨਵੀਆਂ, ਵੱਖਰੀਆਂ ਅਤੇ ਪਰਿਵਾਰਕ ਹਨ। ਮੈਂ ‘ਬਧਾਈ ਹੋ’ ਦਾ ਹਿੱਸਾ ਬਣਨ ਲਈ ਸ਼ੁਕਰਗੁਜ਼ਾਰ ਹਾਂ, ਜਿਸ ਨੇ ਭਾਰਤ ਵਰਗੇ ਦੇਸ਼ ਵਿੱਚ ਚਰਚਾ ਛੇੜੀ ਕਿ ਵੱਡੀ ਉਮਰ ਦੀਆਂ ਔਰਤਾਂ ਦੇ ਗਰਭਧਾਰਨ ’ਤੇ ਸਮਾਜ ਨੂੰ ਕਿਹੋ ਜਿਹੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।’’ ਇਹ ਫਿਲਮ ਸਾਲ 2018 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਦੇ ਨਿਰਦੇਸ਼ਕ ਅਮਿਤ ਸ਼ਰਮਾ ਹਨ। ਫਿਲਮ ਵਿੱਚ ਨੀਨਾ ਗੁਪਤਾ, ਗਜਰਾਜ ਰਾਓ, ਸਾਨੀਆ ਮਲਹੋਤਰਾ ਅਤੇ ਮਰਹੂਮ ਸੁਰੇਖਾ ਸੀਕਰੀ ਨੇ ਮੁੱਖ ਭੂਮਿਕਾ ਨਿਭਾਈ ਸੀ। ਅੱਜ ਇੱਥੇ ਗੱਲ ਕਰਦਿਆਂ ਆਯੂਸ਼ਮਾਨ ਨੇ ਕੌਮੀ ਐਵਾਰਡ ਜੇਤੂ ਮਰਹੂਮ ਅਦਾਕਾਰਾ ਸੁਰੇਖਾ ਸੀਕਰੀ ਨੂੰ ਵੀ ਯਾਦ ਕੀਤਾ।