ਬਠਿੰਡਾ, ਬਠਿੰਡਾ ਥਰਮਲ ਵਿੱਚੋਂ ਹੁਣ ਮਸ਼ੀਨਰੀ ਸ਼ਿਫ਼ਟ ਹੋਣ ਲੱਗੀ ਹੈ। ਲਹਿਰਾ ਮੁਹੱਬਤ ਅਤੇ ਰੋਪੜ ਤਾਪ ਬਿਜਲੀ ਘਰ ਲਈ ਵਰਤੋਂ ਯੋਗ ਮਸ਼ੀਨਰੀ ਦੀ ਸ਼ਨਾਖ਼ਤ ਕੀਤੀ ਗਈ ਹੈ। ਬਠਿੰਡਾ ਥਰਮਲ ਦੇ ਪ੍ਰਬੰਧਕਾਂ ਨੇ ਇਨ੍ਹਾਂ ਦੋਵੇਂ ਤਾਪ ਬਿਜਲੀ ਘਰਾਂ ਨੂੰ ਕੁੱਝ ਮਸ਼ੀਨਰੀ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਪਾਵਰਕੌਮ ਦੇ ਡਾਇਰੈਕਟਰ (ਜੈਨਰੇਸ਼ਨ) ਨੇ ਕੁੱਝ ਅਰਸਾ ਪਹਿਲਾਂ ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਨੂੰ ਮਸ਼ੀਨਰੀ ਤੇ ਵਾਧੂ ਸਾਜ਼ੋ-ਸਾਮਾਨ ਦੀ ਸੂਚੀ ਤਿਆਰ ਕਰਨ ਦੀ ਹਦਾਇਤ ਕੀਤੀ ਸੀ। ਬਠਿੰਡਾ ਥਰਮਲ ਨੇ ਮੁੱਢਲੇ ਪੜਾਅ ’ਤੇ ਵਰਤੋਂ ਯੋਗ ਮਸ਼ੀਨਰੀ ਦੀ ਸ਼ਨਾਖ਼ਤ ਕਰਕੇ ਸੂਚੀਆਂ ਪਾਵਰਕੌਮ ਨੂੰ ਭੇਜ ਦਿੱਤੀਆਂ ਸਨ। ਪੰਜਾਬ ਸਰਕਾਰ ਵੱਲੋਂ ਪਹਿਲੀ ਜਨਵਰੀ 2018 ਤੋਂ ਬਠਿੰਡਾ ਥਰਮਲ ਨੂੰ ਤਾਲਾ ਲਾ ਦਿੱਤਾ ਗਿਆ ਸੀ। ਵੇਰਵਿਆਂ ਅਨੁਸਾਰ ਲਹਿਰਾ ਮੁਹੱਬਤ ਥਰਮਲ ਦੇ ਪ੍ਰਬੰਧਕਾਂ ਵੱਲੋਂ ਬਠਿੰਡਾ ਥਰਮਲ ਵਿੱਚੋਂ ਫੋਗਰ ਮਸ਼ੀਨ ਸ਼ਿਫ਼ਟ ਕਰ ਲਈ ਹੈ ਅਤੇ ਹੋਰ ਸਟੋਰ ਦਾ ਸਾਮਾਨ ਵੀ ਸ਼ਿਫ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਲਹਿਰਾ ਥਰਮਲ ਵੱਲੋਂ ਬਠਿੰਡਾ ਤਾਪ ਬਿਜਲੀ ਘਰ ’ਚੋਂ ਇੱਕ ਬੁਲਡੋਜ਼ਰ ਵੀ ਲਿਜਾਇਆ ਜਾਣਾ ਹੈ। ਰੋਪੜ ਥਰਮਲ ਨੇ ਬਠਿੰਡਾ ਤਾਪ ਬਿਜਲੀ ਘਰ ਤੋਂ ਡਸਟ ਸਪਰੈਸ਼ਨ ਸਿਸਟਮਜ਼ ਦੀ ਮੰਗ ਕੀਤੀ ਸੀ ਪਰ ਬਠਿੰਡਾ ਥਰਮਲ ਨੇ ਪੰਜ ’ਚੋਂ ਦੋ ਸਿਸਟਮ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਰਤੋਂ ਯੋਗ ਪਾਈਪਾਂ ਨੂੰ ਵੀ ਸ਼ਿਫ਼ਟ ਕੀਤਾ ਜਾ ਰਿਹਾ ਹੈ। ਪਾਵਰਕੌਮ ਦੇ ਪੱਛਮੀ ਜ਼ੋਨ ਨੇ ਬਠਿੰਡਾ ਥਰਮਲ ਵਿੱਚ ਪਏ ਫਰਨੀਚਰ ਆਦਿ ਦੀ ਮੰਗ ਕੀਤੀ ਹੈ। ਹਾਈਡਲ ਪ੍ਰਾਜੈਕਟਾਂ ’ਤੇ ਵੀ ਕੁੱਝ ਸਾਮਾਨ ਸ਼ਿਫ਼ਟ ਕੀਤਾ ਜਾਣਾ ਹੈ। ਪਾਵਰਕੌਮ ਤਰਫ਼ੋਂ 2 ਫਰਵਰੀ ਨੂੰ ਸਾਜ਼ੋ-ਸਾਮਾਨ ਆਦਿ ਸ਼ਿਫ਼ਟ ਕਰਨ ਬਾਰੇ ਇੱਕ ਉੱਚ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੀ ਪ੍ਰਵਾਨਗੀ ਮਗਰੋਂ ਮਸ਼ੀਨਰੀ ਵਗ਼ੈਰਾ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਜਾਂਦਾ ਹੈ। ਬਠਿੰਡਾ ਥਰਮਲ ਵਿੱਚ ਕੰਮ ਕਰਦੇ ਕਾਫ਼ੀ ਮੁਲਾਜ਼ਮਾਂ ਦੇ ਤਬਾਦਲੇ ਹੋ ਚੁੱਕੇ ਹਨ ਜਦੋਂਕਿ ਪੰਜ ਸੌ ਦੇ ਕਰੀਬ ਮੁਲਾਜ਼ਮਾਂ ਦੀ ਹਾਲੇ ਵੀ ਥਰਮਲ ਵਿੱਚ ਤਾਇਨਾਤੀ ਹੈ। ਬਠਿੰਡਾ ਥਰਮਲ ਬੰਦ ਹੋਣ ਦੇ ਬਾਵਜੂਦ ਮਹੀਨੇ ਵਿੱਚ ਦੋ ਵਾਰ ਚਲਾ ਕੇ ਦੇਖਿਆ ਜਾਂਦਾ ਹੈ, ਤਾਂ ਜੋ ਮਸ਼ੀਨਰੀ ਨੂੰ ਜਾਮ ਹੋਣ ਤੋਂ ਬਚਾਇਆ ਜਾ ਸਕੇ। ਤਾਇਨਾਤ ਮੁਲਾਜ਼ਮਾਂ ਵੱਲੋਂ ਥਰਮਲ ਦੀ ਮਸ਼ੀਨਰੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਉਂਜ, ਬਠਿੰਡਾ ਥਰਮਲ ਦਾ ਆਖ਼ਰੀ ਯੂਨਿਟ 21 ਸਤੰਬਰ 2017 ਨੂੰ ਬੰਦ ਹੋਇਆ ਸੀ। ਇਸ ਥਰਮਲ ਦੀ ਕਰੀਬ 462 ਕਰੋੜ ਦੀ ਸੰਪਤੀ ਹੈ ਅਤੇ ਕਰੀਬ 2200 ਏਕੜ ਰਕਬੇ ਵਿੱਚ ਲੱਗਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਦੀ ਨੀਂਹ 1970 ਵਿੱਚ ਰੱਖੀ ਗਈ ਸੀ। 440 ਮੈਗਾਵਾਟ ਵਾਲੇ ਇਸ ਥਰਮਲ ਦਾ ਪਹਿਲਾ ਯੂਨਿਟ ਸਤੰਬਰ 1974, ਦੂਸਰਾ ਸਤੰਬਰ 1975 ਵਿੱਚ ਚੱਲਿਆ ਜਦੋਂਕਿ ਤੀਸਰਾ ਯੂਨਿਟ ਮਾਰਚ 1978 ਵਿੱਚ ਅਤੇ ਚੌਥਾ ਯੂਨਿਟ 1979 ਵਿਚ ਚੱਲਿਆ ਸੀ। ਪਾਵਰਕੌਮ ਨੇ 715 ਕਰੋੜ ਦਾ ਕਰਜ਼ਾ ਚੁੱਕ ਕੇ ਥਰਮਲ ਦੇ ਦੋ ਯੂਨਿਟਾਂ ਦਾ ਸਾਲ 2004-07 ਵਿਚ ਅਤੇ ਤਿੰਨ ਅਤੇ ਚਾਰ ਯੂਨਿਟ ਦੀ ਸਾਲ 2010-14 ਵਿਚ ਰੈਨੋਵੇਸ਼ਨ ਕਰਾਈ ਸੀ। ਰੈਨੋਵੇਸ਼ਨ ਮਗਰੋਂ ਥਰਮਲ ਦੇ ਯੂਨਿਟ ਨੰਬਰ ਇੱਕ ਅਤੇ ਦੋ ਦੀ ਮਿਆਦ ਸਾਲ 2021-22 ਤੱਕ ਅਤੇ ਤਿੰਨ ਨੰਬਰ ਯੂਨਿਟ ਦੀ ਮਿਆਦ ‘ਚ 2029 ਤੱਕ ਤੇ ਚਾਰ ਨੰਬਰ ਯੂਨਿਟ ਦੀ ਉਮਰ ਵਿਚ ਸਾਲ 2031 ਦਾ ਵਾਧਾ ਹੋ ਗਿਆ ਸੀ।
ਅਹਿਮ ਮਸ਼ੀਨਰੀ ਸ਼ਿਫ਼ਟ ਨਹੀਂ ਹੋ ਰਹੀ: ਮੁੱਖ ਇੰਜਨੀਅਰ
ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਵੀ.ਕੇ. ਗਰਗ ਦਾ ਕਹਿਣਾ ਸੀ ਕਿ ਬਠਿੰਡਾ ਥਰਮਲ ਦੀ ਅਹਿਮ ਮਸ਼ੀਨਰੀ ਨੂੰ ਫ਼ਿਲਹਾਲ ਕਿਧਰੇ ਸ਼ਿਫ਼ਟ ਨਹੀਂ ਕੀਤਾ ਜਾ ਰਿਹਾ ਹੈ। ਜੋ ਵਾਧੂ ਅਤੇ ਵਰਤੋਂ ਯੋਗ ਮਸ਼ੀਨਰੀ ਹੈ, ਉਸ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਮੰਗ ਦੇ ਆਧਾਰ ’ਤੇ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ। ਪੰਜ ਸੌ ਦੇ ਕਰੀਬ ਮੁਲਾਜ਼ਮ ਹਾਲੇ ਤਾਇਨਾਤ ਹਨ, ਜੋ ਹਰ 15 ਦਿਨਾਂ ਮਗਰੋਂ ਥਰਮਲ ਦੀ ਮਸ਼ੀਨਰੀ ਨੂੰ ਚਲਾਉਂਦੇ ਹਨ।