ਬਠਿੰਡਾ, 25 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਅਮਰੀਕ ਸਿੰਘ ਰੋਡ ‘ਤੇ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਕਿਸਾਨ ਜਥੇਬੰਦੀਆਂ ਅਤੇ ਭਾਜਪਾ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਭਾਜਪਾ ਵੱਲੋਂ ਪ੍ਰਸਤਾਵਿਤ ਇਸ ਪ੍ਰੋਗਰਾਮ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਣ ’ਤੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਵਰਕਰ ਇਥੇ ਪਹੁੰਚ ਗਏ। ਦੋਹਾਂ ਧਿਰਾਂ ਵੱਲੋਂ ਆਹਮੋ-ਸਾਹਮਣੇ ਕੀਤੀ ਜਾ ਰਹੀ ਨਾਅਰੇਬਾਜ਼ੀ ਦੌਰਾਨ ਮਾਮਲਾ ਹਿੰਸਕ ਹੋ ਗਿਆ ਅਤੇ ਕਿਸਾਨਾਂ ਨੇ ਭਾਜਪਾ ਪੰਡਾਲ ਵਿੱਚ ਲੱਗੀਆਂ ਕੁਰਸੀਆਂ ਤੋੜ ਦਿੱਤੀਆਂ। ਐੱਸਐੱਸਪੀ ਬਠਿੰਡਾ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਵੇਲੇ ਦੋਵੇਂ ਧਿਰਾਂ ਆਹਮੋ- ਸਾਹਮਣੇ ਸੜਕ ਦੇ ਦੋਵਾਂ ਕਿਨਾਰਿਆਂ ‘ਤੇ ਬੈਠ ਕੇ ਨਾਅਰੇਬਾਜ਼ੀ ਕਰ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਨਫ਼ਰੀ ਸੜਕ ‘ਤੇ ਖੜੋਤੀ ਹੈ। ਫਿਲਹਾਲ ਮਾਮਲਾ ਤਣਾਅਪੂਰਨ ਹੈ।